ਬਾਬਾ ਫ਼ਰੀਦ ਜੀ ਦੇ 850ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਕਵਿਤਾ ਉਤਸਵ ਕੱਲ੍ਹ ਨੂੰ ਪੰਜਾਬੀ ਭਵਨ ਵਿਖੇ – ਡਾਃ ਸੁਰਜੀਤ ਪਾਤਰ
ਲੁਧਿਆਣਾਃ 3ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਕਲਾ ਪਰਿਸ਼ਦ ਵਲੋਂ 4 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬੀ ਦੇ ਪ੍ਰਥਮ ਕਵੀ ਬਾਬਾ ਸ਼ੇਖ ਫਰੀਦ ਜੀ ਦਾ 850ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ।
ਪਰਿਸ਼ਦ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਉਪ ਚੇਅਰਮੈਨ ਡਾਃ ਯੋਗ ਰਾਜ ਅਤੇ ਸਕੱਤਰ ਡਾਃ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸਹਿਯੋਗ ਨਾਲ ਇਹ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਮੰਗਲਵਾਰ ਸਵੇਰੇ ਦਸ ਵਜੇ ਕੀਤਾ ਜਾਵੇਗਾ।
ਇਸ ਦਿਨ ਅਜੋਕੀ ਪੰਜਾਬੀ ਕਵਿਤਾ ਦੀਆਂ ਤਿੰਨ ਪੀੜ੍ਹੀਆਂ ਦੇ 100 ਕਵੀਆਂ ਦਾ ਕਵੀ ਦਰਬਾਰ ਹੋਵੇਗਾ ਅਤੇ ਬਾਬਾ ਫਰੀਦ ਜੀ ਦੀ ਵਰਤਮਾਨ ਪ੍ਰਸੰਗਿਕਤਾ ਬਾਰੇ ਵਿਚਾਰ ਚਰਚਾ ਵੀ ਹੋਵੇਗੀ।
ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਅਤੇ ਇਸ ਨਾਲ ਸੰਬੰਧਿਤ ਅਕਾਦਮੀਆਂ ਆਪਣੇ ਵਿਰਸੇ ਦੇ ਚਾਨਣ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਵਚਨਬੱਧ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਹਨ।























