
ਪਟਿਆਲਾ 20 ਜੁਲਾਈ – ਪਟਿਆਲਾ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਭੁੱਖ ਹੜਤਾਲ ਖਤਮ ਕਰਨ ਦੀ ਜਾਣਕਾਰੀ ਦਿੱਤੀ।
ਰਾਜੋਆਣਾ ਦੀ ਭੈਣ ਕਮਲਦੀਪ ਕੌਰ ਜੇਲ੍ਹ ਵਿੱਚ ਪਹੁੰਚੀ ਅਤੇ ਉਹਨਾਂ ਜੂਸ ਤੇ ਖਿਚੜੀ ਖਵਾ ਕੇ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਸਮਾਪਤ ਕਰਵਾਈ।
ਇਸ ਤੋਂ ਪਹਿਲਾਂ ਅੱਜ ਐਸਜੀਪੀਸੀ ਪ੍ਰਧਾਨ ਨੇ ਰਾਜੋਆਣਾ ਨਾਲ ਮੁਲਾਕਾਤ ਕੀਤੀ। ਭਾਈ ਲੌਂਗੋਵਾਲ ਨੇ ਉਹਨਾਂ ਨੂੰ ਭਰੋਸਾ ਦਿਤਾ ਕਿ 45 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਅਰਜ਼ੀ ਦੀ ਅਪੀਲ ‘ਤੇ ਕੋਈ ਨਾ ਕੋਈ ਫੈਸਲਾ ਜ਼ਰੂਰ ਆਵੇਗਾ।
ਦੱਸਣਯੋਗ ਹੈ ਕਿ ਰਾਜੋਆਣਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਉਹ ਇਨੀਂ ਦਿਨੀਂ ਪਟਿਆਲਾ ਜੇਲ ਵਿਚ ਸਜ਼ਾ ਕੱਟ ਰਿਹਾ ਹੈ।
ਰਾਜੋਆਣਾ ਵੱਲੋਂ ਇਹ ਹੜਤਾਲ ਐਸ.ਜੀ.ਪੀ.ਸੀ ਦੀ ਬੇਰੁਖੀ ਕਾਰਨ ਕੀਤੀ ਗਈ ਸੀ। ਐਸ.ਜੀ.ਪੀ.ਸੀ ਨੇ ਸਾਲ 2012 ਵਿਚ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ ਪਰ 6 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਰਾਜੋਆਣਾ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਗਈ ਸੀ।





















