ਬਲਦੇਵ ਸਿੰਘ ਮੋਗੇ ਵਾਲੇ ਵੀਰ ਦਾ ਨਵਾਂ ਨਾਵਲ ‘ਮੈਂ ਮਿੱਟੀ ਨਹੀਂ’ -ਗੁਰਭਜਨ ਗਿੱਲ
ਚੰਡੀਗੜ੍ਹ,26ਮਾਰਚ(ਵਿਸ਼ਵ ਵਾਰਤਾ)- ਪਹਿਲਾਂ ਚੰਦ ਨਵੇਂ ਫਿਰ ਕਲਕੱਤੇ ਤੇ ਹੁਣ ਮੋਗੇ ਵੱਸਦੇ ਬਹੁ ਦਿਸ਼ਾਵੀ ਲੇਖਕ ਬਲਦੇਵ ਸਿੰਘ ਦਾ ਨਵਾਂ ਨਾਵਲ ਮੈਂ ਮਿੱਟੀ ਨਹੀਂ ਲੋਕਗੀਤ ਪ੍ਰਕਾਸ਼ਨ(ਯੂਨੀਸਟਾਰ)ਵਾਲੇ ਵੀਰ ਹਰੀਸ਼ ਜੈਨ ਨੇ ਭੇਜਿਆ ਹੈ।
ਬਲਦੇਵ ਤੇ ਮਿੱਤਰ ਪਿਆਰੇ ਕਦੇ ਕਲਕੱਤਿਉਂ ਸੱਜਰੀ ਪੈੜ ਮਾਸਿਕ ਪੱਤਰ ਦਾ ਪ੍ਰਕਾਸ਼ਨ ਕਰਦੇ ਸਨ। ਉਹ ਕਹਾਣੀਆਂ ਲਿਖਦਾ ਲਿਖਦਾ ਨਾਟਕ ਕਾਰ, ਨਾਵਲਕਾਰ ਤੇ ਅਦਾਕਾਰ ਬਣਿਆ।
ਨਾਗਮਣੀ ਚ ਛਪਦੀਆਂ ਕਹਾਣੀਆਂ ਤੋਂ ਬਾਦ ਅੰਮ੍ਰਿਤਾ ਪ੍ਰੀਤਮ ਜੀ ਦੀ ਪ੍ਰੇਰਨਾ ਸਦਕਾ ਸੜਕਾਂ ਤੇ ਡਰਾਈਵਰਾਂ ਦੀ ਜ਼ਿੰਦਗੀ ਬਾਰੇ ਨਿਰੰਤਰ ਸੜਕਨਾਮਾ ਕਾਲਮ ਲਿਖਣ ਲੱਗ ਪਿਆ। ਇਹ ਕਾਲਮ ਉਸ ਦਾ ਪਛਾਣ ਚਿੰਨ੍ਹ ਬਣਿਆ। ਫਿਰ ਸੋਨਾਗਾਚੀ ਖੇਤਰ ਚ ਜਿਸਮ ਵਪਾਰ ਬਾਰੇ ਉਸ ਦਾ ਨਾਵਲ ਲਾਲਬੱਤੀ ਬਹੁਤ ਪੜ੍ਹਿਆ ਗਿਆ। ਉਸ ਦੇ ਨਾਮ ਨਾਲ ਲਿਖਤਾਂ ਦੇ ਨਾਮ ਜੁੜਦੇ ਰਹੇ ਪਰ ਉਹ ਅੱਗੇ ਤੋਂ ਅੱਗੇ ਤੁਰਦਾ ਗਿਆ। ਅੰਨਦਾਤਾ, ਪੰਜਵਾਂ ਸਾਹਿਬਜ਼ਾਦਾ, ਸਤਿਲੁਜ ਵਹਿੰਦਾ ਰਿਹਾ ਤੇ ਕਿੰਨੇ ਹੋਰ ਨਾਵਲ।
221 ਪੰਨਿਆਂ ਦਾ ਇਹ ਨਾਵਲ ਜਵਾਨ ਪੀੜ੍ਹੀ ਵਿੱਚ ਆਤਮ ਬਲ ਭਰਨ ਦੇ ਮਨਸ਼ੇ ਨਾਲ ਲਿਖਿਆ ਜਾਪਦਾ ਹੈ। ਪਹਿਲੇ ਨਾਵਲ ਦੂਸਰਾ ਹੀਰੋਸ਼ੀਮਾ ਦੀ ਸਿਰਜਣਾ ਉਸ 1977 ਚ ਕੀਤੀ ਸੀ। ਹੁਣ ਤੀਕ 31ਨਾਵਲ ਲਿਖ ਚੁਕੇ ਬਲਦੇਵ ਸਿੰਘ ਨੇ ਪਿਛਲੇ ਸਾਲ ਵਿੱਚ ਹੀ ਛੇ ਨਾਵਲ ਉੱਤੋੜਿੱਤੀ ਲਿਖ ਮਾਰੇ ਨੇ। ਲੋਕ ਪੜ੍ਹਦੇ ਨੇ ਤਾਂ ਹੀ ਲਿਖਦੈ। ਹਰੀਸ਼ ਜੈਨ ਨੇ ਹੀ ਸਾਰੇ ਨਾਵਲ ਛਾਪੇ ਨੇ। ਯੂਨੀਵਰਸਿਟੀਆਂ ਦੇ ਸਿਲੇਬਸ ਦਾ ਵੀ ਹਿੱਸਾ ਨੇ ਕਈ ਨਾਵਲ ਤਾਂ। ਖਿਡਾਰੀਆਂ ਬਾਰੇ ਉਸਦੇ ਤਿੰਨ ਨਾਵਲਾਂ ਦੀ ਸੋਅ ਵੀ ਇਸ ਨਾਵਲ ਦੀ ਸੂਚੀ ਵਿੱਚੋਂ ਮਿਲੀ ਹੈ।
ਖੇਡ ਜਗਤ ਦੇ ਰੌਸ਼ਨ ਮੀਨਾਰ ਮੈਰੀ ਕਾਮ, ਉੱਡਣਾ ਸਿੱਖ ਮਿਲਖਾ ਸਿੰਘ ਤੇ ਦਾਰਾ ਸਿੰਘ ਬਾਰੇ ਉਸ ਦੇ ਨਾਵਲ ਖੇਡ ਸਾਹਿੱਤ ਵਿੱਚ ਨਵੀਂ ਦਿਸ਼ਾ ਬਣੇਗੀ। ਭਾਵੇਂ ਡਾਃ ਬਲਵੰਤ ਸਿੰਘ ਸੰਧੂ ਵੀ ਦੋ ਨਾਵਲ ਗੁਮਨਾਮ ਚੈਪੀਅਨ ਦਾਰਾ ਸਿੰਘ ਦੁਲਚੀਪੁਰੀਆ ਤੇ ਮੁੱਕੇਬਾਜ਼ ਕੌਰ ਸਿੰਘ ਬਾਰੇ ਗੋਲਡਨ ਪੰਚ ਲਿਖ ਚੁਕਾ ਹੈ।
ਪ੍ਰਿੰਸੀਪਲ ਸਰਵਣ ਸਿੰਘ ਤੇ ਨਵਦੀਪ ਸਿੰਘ ਗਿੱਲ ਵਰਗੇ ਖੇਡ ਲਿਖਾਰੀਆਂ ਦਾ ਟੱਬਰ ਵਧ ਰਿਹਾ ਹੈ, ਖੇਡ ਸਾਹਿੱਤ ਲਈ ਇਹ ਸ਼ੁਭ ਸ਼ਗਨ ਹੈ।
ਨਵੇਂ ਨਾਵਲ ਦੇ ਪ੍ਰਕਾਸ਼ਨ ਤੇ ਵੱਡੇ ਵੀਰ ਬਲਦੇਵ ਸਿੰਘ ਨੂੰ ਵਧਾਈਆਂ, ਪ੍ਰਕਾਸ਼ਨ ਲਈ ਯੂਨੀਸਟਾਰ ਵਾਲੇ ਪਿਉ ਪੁੱਤਰ ਹਰੀਸ਼ ਜੈਨ ਜੀ ਤੇ ਰੋਹਿਤ ਜੈਨ ਨੂੰ ਵੀ।























