ਮਾਨਸਾ 24 ਫਰਵਰੀ (ਵਿਸ਼ਵ ਵਾਰਤਾ)-ਬਠਿੰਡਾ ਜ਼ਿਲ੍ਹੇ ਵਿਚ ਰਾਮਾਂ ਮੰਡੀ ਨੇੜੇ ਪਿੰਡ ਫੁੱਲੋ ਖਾਰੀ ਵਿੱਚ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਅੰਦਰ ਨਵੇਂ ਬਣੇ ਇਕ ਪਲਾਂਟ ਵਿੱਚ ਅੱਜ ਸਵੇਰੇ 6 ਕੁ ਵਜੇ ਇਕ ਤੇਲ ਦਾ ਪੰਪ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਹ ਨਾਲ ਨਾਲ ਲੱਗਦੇ ਹਰਿਆਣਾ ਦੇ ਕਈ ਪਿੰਡਾਂ ਵਿਚ ਦੂਰ ਦੂਰ ਤੱਕ ਧੂੰਆਂ ਫ਼ੈਲ ਗਿਆ। ਇਸ ਧੂੰਏਂ ਤੋਂ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਲੋਕਾਂ ਦੀਆਂ ਅੱਖਾਂ ਮੱਚਣ ਲੱਗ ਪਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਖਾਨੇ ਦੇ ਮੀਡੀਆ ਇੰਚਾਰਜ ਪੰਕਜ ਵਿਨਾਇਕ ਨੇ ਦੱਸਿਆ ਕਿ ਇਸ ਅੱਗ ਦੀ ਘਟਨਾ ਤੇ ਜਲਦੀ ਹੀ ਕਾਬੂ ਕਰ ਲਿਆ ਗਿਆ ਹੈ।
ਦੂਜੇ ਪਾਸੇ ਕਾਰਖਾਨੇ ਅੰਦਰ ਧੂੰਏਂ ਦੇ ਗੁਬਾਰ ਅਜੇ ਵੀ ਉਡਦੇ ਵਿਖਾਈ ਦੇ ਰਹੇ ਹਨ, ਉਂਝ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ।