ਬਠਿੰਡਾ ਜੇਲ੍ਹ ਵਿੱਚ ਬੰਦ 2 ਗੈਂਗਸਟਰਾਂ ਨੇ ਸੁਰੱਖਿਆ ਮੁਲਾਜ਼ਮ ਨਾਲ ਕੀਤੀ ਕੁੱਟਮਾਰ
ਚੰਡੀਗੜ੍ਹ,29 ਜੂਨ(ਵਿਸ਼ਵ ਵਾਰਤਾ)-ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਕੇਂਦਰੀ ਜੇਲ੍ਹ ਚ ਬੰਦ ਦੋ ਗੈਂਗਸਟਰਾਂ ਵੱਲੋਂ ਜੇਲ੍ਹ ਵਾਰਡਨ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਚ ਬੰਦ ਗੈਂਗਸਟਰ ਰਾਜਵੀਰ ਸਿੰਘ ਤੇ ਗੁਰਦੀਪ ਸਿੰਘ ਵੱਲੋਂ ਬੰਦੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰਾਂ ਨੇ ਕੁੱਟਮਾਰ ਦੌਰਾਨ ਮੌਕੇ ਉਤੇ ਪਹੁੰਚੇ ਜੇਲ੍ਹ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਅਤੇ ਨਾਲ ਹੀ ਸਕਿਓਰਿਟੀ ਬਲਾਕ ਵਿਚੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕੀਤੀ।ਇਕ ਹੋਰ ਜੇਲ੍ਹ ਅਧਿਕਾਰੀ ਮੁਤਾਬਕ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਬਿਆਨ ਦਰਜ ਕਰਵਾਏ ਸਨ ਕਿ 24 ਜੂਨ ਨੂੰ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਗੈਂਗਸਟਰ ਰਾਜਬੀਰ ਸਿੰਘ ਵਾਸੀ ਪਿੰਡ ਨਾਥਪੁਰਾ ਜ਼ਿਲ੍ਹਾ ਗੁਰਦਾਸਪੁਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਬਰਾਮਦ ਕੀਤੇ ਗਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰ ਦੇ ਅਧਾਰ ‘ਤੇ ਮੁਲਜ਼ਮ ਰਾਜਬੀਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਜੇਲ੍ਹ ਅਧਿਕਾਰੀ ਗੌਰਵਦੀਪ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਗੈਂਗਸਟਰਾਂ ਖ਼ਿਲਾਫ਼ ਬਠਿੰਡਾ ਕੈਂਟ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।