ਇਸ ਸਮੇਂ ਦੀ ਵੱਡੀ ਖਬਰ
ਫੜਿਆ ਗਿਆ ਸਿੱਧੂ ਮੂਸੇਵਾਲਾ ਦਾ ਆਖਿਰੀ ਕਾਤਲ!
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁੱਖ ਦੋਸ਼ੀ ਸ਼ਾਰਪ ਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਐਸਟੀਐਫ ਨਾਲ ਮਿਲ ਕੇ ਪੰਜਾਬ ਪੁਲਿਸ ਸਾਂਝੇ ਆਪ੍ਰੇਸ਼ਨ ‘ਚ ਮੁੰਡੀ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ ਪਰ, ਸੀਨੀਅਰ ਅਧਿਕਾਰੀ ਅਜੇ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਦੇ ਐਨਕਾਊਂਟਰ ਤੋਂ ਬਾਅਦ ਮੁੰਡੀ ਹੀ ਇਕੱਲਾ ਸ਼ੂਟਰ ਬਚਿਆ ਸੀ। ਦਿੱਲੀ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ 3 ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਗ੍ਰਿਫ਼ਤਾਰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਮੰਨੂੰ ਅਤੇ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਡਰਿਆ ਹੋਇਆ ਮੁੰਡੀ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਜਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਬੋਲੈਰੋ ਅਤੇ ਕੋਰੋਲਾ ਮਾਡਿਊਲ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੇਰੋ ਮਾਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਕਰ ਰਿਹਾ ਸੀ। ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਸ ਦੇ ਨਾਲ ਹੀ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ।
ਫਿਲਹਾਲ ਅਧਿਕਾਰੀ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਮੁੰਡੀ ਦੀ ਗ੍ਰਿਫਤਾਰੀ ਤੋਂ ਸਾਫ ਇਨਕਾਰ ਵੀ ਨਹੀਂ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਡੀਜੀਪੀ ਦਫ਼ਤਰ ਤੋਂ ਮੁੰਡੀ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਜਾ ਸਕਦਾ ਹੈ।























