ਫੁੱਟਬਾਲ ਵਰਕਸ਼ਾਪ ਦੌਰਾਨ ਹਾਜ਼ਰ ਭਾਗੀਦਾਰਾਂ ਨੇ ਕੋਚਿੰਗ ਅਤੇ ਖੇਡ ਸਬੰਧੀ ਪੇਸ਼ਕਾਰੀਆਂ ਕੀਤੀਆਂ

ਹੁਸ਼ਿਆਰਪੁਰ 9 ਅਪਰੈਲ : ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਫੁੱਟਬਾਲ ਕੋਚਿੰਗ; ਤਕਨੀਕ ਅਤੇ ਨੀਤੀਆਂ ’ ਵਿਸ਼ੇ ‘ਤੇ ਚੱਲ ਰਹੀ ਸੱਤ ਰੋਜ਼ਾ ਨੈਸ਼ਨਲ ਵਰਕਸ਼ਾਪ ਦੇ ਤੀਜੇ ਦਿਨ ਦੇ ਤਕਨੀਕੀ ਸੈਸ਼ਨ ਦੌਰਾਨ ਹਾਜ਼ਰ ਅਧਿਆਪਕਾਂ ਡਾ. ਰਾਜ ਕੁਮਾਰ, ਡਾ. ਪਰਮਪ੍ਰੀਤ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ ਰਾਜਬੀਰ ਸਿੰਘ ਅਤੇ ਪ੍ਰੋ ਅਮਨਪ੍ਰੀਤ ਸਿੰਘ ਨੇ ਖਿਡਾਰੀਆਂ ਦੀ ਮਾਨਸਿਕ ਤੰਦਰੁਸਤੀ, ਖੇਡ ਕਾਨੂੰਨ, ਸੱਟਾਂ ਅਤੇ ਸੰਤੁਲਿਤ ਭੋਜਨ ਸਬੰਧੀ ਆਪਣੀਆਂ ਪੇਸ਼ਕਾਰੀਆਂ ਹਾਜ਼ਰ ਭਾਗੀਦਾਰਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਡੀਐੱਫਏ ਹੁਸ਼ਿਆਰਪੁਰ ਦੇ ਸਕੱਤਰ ਹਰਨੰਦਨ ਸਿੰਘ ਖਾਬੜਾ ਨੇ ਫੁੱਟਬਾਲ ਖੇਡ ਦੇ ਤਕਨੀਕੀ ਪੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਪਿ੍ਰੰ. ਜਗਮੋਹਨ ਸਿੰਘ ਬੱਡੋਂ ਨੇ ਫੁੱਟਬਾਲ ਦੀ ਪ੍ਰਫੁੱਲਤਾ ਵਿੱਚ ਅਕੈਡਮੀਆਂ ਦੇ ਯੋਗਦਾਨ ਅਤੇ ਕੋਚਿੰਗ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਕੋਚ ਬੰਦਨਾ ਸਿੰਘ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਅਤੇ ਫੁੱਟਬਾਲ ਦੀ ਕੋਚਿੰਗ ਬਾਰੇ ਨੁਕਤੇ ਰੱਖੇ।
ਸ਼ਾਮ ਦੇ ਪ੍ਰੈਕਟੀਕਲ ਸੈਸ਼ਨ ਮੌਕੇ ਕੋਚ ਦਲਜੀਤ ਸਿੰਘ ਬਿੱਟੂ ਅਤੇ ਆਈਐੱਸਐੱਲ ਦੇ ਗੋਲਕੀਪਰ ਖਿਡਾਰੀ ਅਰਸ਼ਦੀਪ ਸਿੰਘ ਨੇ ਗੋਲਕੀਪਿੰਗ ਦੀ ਤਕਨੀਕ ਅਤੇ ਨੀਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖੇਡ ਮੈਦਾਨ ਵਿੱਚ ਗੋਲਕੀਪਰ ਦੀ ਟੀਮ ਵਿੱਚ ਮਹੱਤਤਾ ਅਤੇ ਗੋਲਕੀਪਿੰਗ ਦੇ ਸਿਧਾਂਤਾਂ ਬਾਰੇ ਵਿਹਾਰਕ ਤੌਰ ‘ਤੇ ਅਹਿਮ ਨੁਕਤੇ ਸਾਂਝੇ ਕੀਤੇ। ਮੰਚ ਸੰਚਾਲਨ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ ਰਾਜ ਕੁਮਾਰ ਨੇ ਕੀਤਾ। ਇਸ ਮੌਕੇ ਖੇਡ ਪ੍ਰਮੋਟਰ ਤਰਸੇਮ ਭਾਅ, ਪ੍ਰੋ ਰਜਿੰਦਰ ਪ੍ਰਸਾਦ, ਪ੍ਰੋ ਵਿਕਰਾਂਤ ਰਾਣਾ,ਪ੍ਰੋ ਗੁਰਜੀਤ ਸਿੰਘ, ਸਰਬਜੀਤ ਸਿੰਘ, ਬਲਕਾਰ ਮਸੀਹ, ਉਂਕਾਰ ਸਿੰਘ, ਮਨਪ੍ਰੀਤ ਸੇਠੀ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ।





















