ਫਿਲੀਪੀਨਜ਼ ਜਹਾਜ਼ ਹਾਦਸਾ
ਮ੍ਰਿਤਕਾਂ ਦੀ ਗਿਣਤੀ 50 ਤੇ ਪੁੱਜੀ,49 ਲੋਕ ਹਨ ਗੰਭੀਰ ਜਖ਼ਮੀ

ਚੰਡੀਗੜ੍ਹ, 5ਜੁਲਾਈ (ਵਿਸ਼ਵ ਵਾਰਤਾ)-ਫਿਲੀਪੀਨਜ਼ ਵਿੱਚ ਬੀਤੀ ਕੱਲ੍ਹ ਹਵਾਈ ਫੌਜ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਹਾਦਸਾਗ੍ਰਸਤ ਹੋਣ ਦੇ ਬਾਅਦ 5 ਹੋਰ ਲਾਸ਼ਾਂ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ 50 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਲੌਕਹੀਡ ਸੀ-130 ਜਹਾਜ਼ ਤੇ 96 ਮਿਲਟਰੀ ਕਰਮੀ ਸਵਾਰ ਸਨ ।ਸੁਲੁ ਸੂਬੇ ਦੇ ਜੋਲੋ ਹਵਾਈ ਅੱਡੇ ‘ਤੇ ਐਤਵਾਰ ਨੂੰ ਉਤਰਦੇ ਸਮੇਂ ਰਨਵੇ ਦੇ ਬਾਹਰ ਨਾਰੀਅਲ ਦੇ ਖੇਤ ਵਿੱਚ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਉਸ ਵਿੱਚ ਅੱਗ ਲੱਗਣ ਤੋਂ ਪਹਿਲਾਂ ਕੁਝ ਫੌਜੀਆਂ ਨੂੰ ਜਹਾਜ਼ ਵਿੱਚੋਂ ਛਾਲ ਮਾਰਦੇ ਦੇਖਿਆ ਗਿਆ । ਫੌਜ ਦੇ ਜਵਾਨਾਂ, ਪੁਲਿਸ ਕਰਮੀਆਂ ਨੇ 49 ਮਿਲਟਰੀ ਕਰਮੀਆਂ ਨੂੰ ਬਚਾ ਲਿਆ ਗਿਆ।
ਖੇਤਰੀ ਮਿਲਟਰ ਕਮਾਂਡਰ ਲੈਫਟੀਨੈਂਟ ਜਨਰਲ ਕੋਲੇਟੋ ਵਿਨਲੁਆਨ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਜਹਾਜ਼ ਤੇ ਦੁਸ਼ਮਣਾਂ ਨੇ ਹਮਲਾ ਕੀਤਾ ਹੋਵੇ । ਜ਼ਿਕਰਯੋਗ ਹੈ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਅਤੇ ਇਸ ਦੇ ਬਲੈਕ ਬਕਸੇ ਦੀ ਤਲਾਸ਼ ਕੀਤੀ ਜਾ ਰਹੀ ਹੈ।






















