ਚੰਡੀਗੜ, 16 ਅਗਸਤ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੌਰਾਨ ਪੰਜਾਬ ਸਰਕਾਰ ਨੇ ਭਲਕੇ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਭਲਕੇ ਸਰਕਾਰੀ ਦਫਤਰ, ਸਿੱਖਿਆ ਸੰਸਥਾਵਾਂ ਨੂੰ ਛੁੱਟੀ ਰਹੇਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਉਨ•ਾਂ ਨੂੰ ਕੱਦਾਵਰ ਸ਼ਖਸੀਅਤ ਕਰਾਰ ਦਿੱਤਾ ਜੋ ਨੌਜਵਾਨ ਸਿਆਸਤਦਾਨਾਂ ਨੂੰ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿਆਸੀ ਮਾਰਗ ਅਪਨਾਉਣ ਲਈ ਪ੍ਰੇਰਿਤ ਕਰਨ ਵਾਸਤੇ ਸਦਾ ਚਾਨਣ ਮੁਨਾਰਾ ਰਹਿਣਗੇ।
ਪੰਜਾਬ ਸਰਕਾਰ ਨੇ ਸ੍ਰੀ ਵਾਜਪਾਈ ਦੇ ਸਤਿਕਾਰ ‘ਚ ਸ਼ੁੱਕਰਵਰ ਨੂੰ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਹੋਰ ਜਨਤਕ ਅਦਾਰਿਆਂ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਭਾਰਤ ਸਰਕਾਰ ਦੀ ਤਰਜ਼ ‘ਤੇ ਸ੍ਰੀ ਵਾਜਪਾਈ ਜੀ ਦੀ ਯਾਦ ਵਿੱਚ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਵਾਜਪਾਈ ਜੀ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਅਤੇ ਸੁਲਝੇ ਹੋਏ ਇਨਸਾਨ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਕ ਸੱਚੇ ਸਿਆਸਤਦਾਨ, ਮਹਾਨ ਵਿਦਵਾਨ, ਉੱਘੇ ਕਵੀ ਹੋਣ ਦੇ ਨਾਲ-ਨਾਲ ਲੱਖਾਂ ਦੇਸ਼ ਵਾਸੀਆਂ ਦੇ ਦਿਲਾਂ ਦੀ ਧੜਕਣ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਵਾਜਪਾਈ ਜੀ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ, ਸਰਵ ਸਿਖਸ਼ਾ ਅਭਿਆਨ, ਟੈਲੀਕਾਮ ਕ੍ਰਾਂਤੀ ਅਤੇ ਵਿੱਤੀ ਜੁਆਬਦੇਹੀ ਐਕਟ ਵਰਗੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਕਰਨ ਦੇ ਤੌਰ ‘ਤੇ ਸਦਾ ਯਾਦ ਰੱਖਿਆ ਜਾਵੇਗਾ ਜਿਨ•ਾਂ ਨੇ ਭਾਰਤ ਦੀ ਤਕਦੀਰ ਬਦਲ ਦਿੱਤੀ।
ਸ੍ਰੀ ਵਾਜਪਾਈ ਨਾਲ ਨਿੱਜੀ ਸਾਂਝ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਪ੍ਰਧਾਨ ਮੰਤਰੀ ਵਜੋਂ ਸ੍ਰੀ ਵਾਜਪਾਈ ਜੀ ਦੇ ਸਾਰੇ ਮੁੱਖ ਮੰਤਰੀਆਂ ਨਾਲ ਉਨ•ਾਂ ਦੇ ਸਿਆਸੀ ਵਖਰੇਵਿਆਂ ਦੇ ਬਾਵਜੂਦ ਬਹੁਤ ਨਿੱਘੇ ਰਿਸ਼ਤੇ ਹੁੰਦੇ ਸਨ ਅਤੇ ਉਹ ਬਿਨਾਂ ਕਿਸੇ ਖੇਤਰੀਵਾਦ ਦੀ ਤਰਫ਼ਦਾਰੀ ਦੇ ਸਾਰਿਆਂ ਨਾਲ ਬਰਾਬਰ ਵਿਹਾਰ ਕਰਦੇ ਸਨ।”
Îਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਕੌਮੀ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾ ਕੇ ਭਾਰਤੀ ਸਿਆਸਤ ਅਤੇ ਆਲਮੀ ਪੱਧਰ ‘ਤੇ ਆਪਣੀ ਅਮਿੱਟ ਛਾਪ ਛੱਡੀ।