ਪੰਜਾਬ ਵਿੱਚ ਘਟਿਆ ਤਾਪਮਾਨ- ਲੋਕਾਂ ਨੂੰ ਗਰਮੀ ਤੋਂ ਰਾਹਤ
ਚੰਡੀਗੜ੍ਹ, 21ਜੂਨ(ਵਿਸ਼ਵ ਵਾਰਤਾ)-ਸੂਬੇ ‘ਚ ਦੋ ਦਿਨਾਂ ਤੋਂ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਅਤੇ 22 ਜੂਨ ਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਜਿਸ ਅਨੁਸਾਰ ਪੰਜਾਬ ਵਿੱਚ ਨਾ ਤਾਂ ਗਰਮੀ ਸਤਾਏਗੀ ਅਤੇ ਨਾ ਹੀ ਤਾਪਮਾਨ ਵਿੱਚ ਜ਼ਿਆਦਾ ਵਾਧਾ ਹੋਵੇਗਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੀ ਸ਼ਾਮ ਤੱਕ ਅੰਮ੍ਰਿਤਸਰ ਵਿੱਚ 5 ਮਿਲੀਮੀਟਰ, ਫਾਜ਼ਿਲਕਾ ਵਿੱਚ 3.5 ਮਿਲੀਮੀਟਰ, ਮੋਗਾ ਵਿੱਚ 1 ਮਿਲੀਮੀਟਰ ਅਤੇ ਬਠਿੰਡਾ ਵਿੱਚ 1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜਦੋਂ ਕਿ ਹਰ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ।