ਚੰਡੀਗੜ੍ਹ 23 ਜੂਨ-ਫ਼ਰੀਦਕੋਟ ਦੇ ਆਰ.ਟੀ.ਏ. ਅਤੇ ਅਸਿਸਟੈਂਟ ਕਮਿਸ਼ਨਰ ਜਨਰਲ ਦਾ ਚਾਰਜ ਰੱਖਦੇ ਤਰਸੇਮ ਚੰਦ ਅਤੇ ਉਸਦੇ ਡਰਾਈਵਰ ਅਮਰਜੀਤ ਸਿੰਘ ਨੂੰ ਅੱਜ 15 ਹਜ਼ਾਰ ਰੁਪਏ ਲੈਣ ਦੇ ਦੋਸ਼ ਹੇਠ ਮਿੰਨੀ ਸੈਕਟਰੀਏਟ ਵਿਚ ਸਥਿਤ ਅਸਿਸਟੈਂਟ ਕਮਿਸ਼ਨਰ ਜਨਰਲ ਦੇ ਦਫ਼ਤਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ।ਵਿਜੀਲੈਂਸ ਦੀ ਟੀਮ ਨੇ ਇਹ ਕਾਰਵਾਈ ਬਾਜ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮਲੋਟ ਦੀ ਸ਼ਿਕਾਇਤ ’ਤੇ ਕੀਤੀ ਹੈ।ਬਾਜ ਸਿੰਘ ਨੇ ਆਪਣੀ ਨਵੀਂ ਪ੍ਰੀਤ ਬੱਸ ਨੂੰ ‘ਆਨ ਰੋਡ’ ਕਰਨ ਲਈ ਪ੍ਰਵਾਨਗੀ ਲੈਣੀ ਸੀ ਜਿਸ ਲਈ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ 15 ਹਜ਼ਾਰ ਰੁਪਿਆ ਦੇਣਾ ਤੈਅ ਹੋਇਆ ਸੀ।ਇਸ ਸੰਬੰਧੀ ਬਾਜ ਸਿੰਘ ਨੇ ਡੀ.ਐਸ.ਪੀ.ਵਿਜੀਲੈਂਸ ਮੋਹਾਲੀ ਨੂੰ ਸ਼ਿਕਾਇਤ ਦਿੱਤੀ ਸੀ ਜਿਸ ’ਤੇ ਮੰਗਲਵਾਰ ਸ਼ਾਮ 5.30 ਵਜੇ ਡੀ.ਐਸ.ਪੀ.ਵਿਜੀਲੈਂਸ ਦੀ ਅਗਵਾਈ ਵਿਚ ਫ਼ਲਾਇੰਗ ਟੀਮ ਨੇ ਜੀ.ਏ. ਟੂ ਡੀ.ਸੀ. ਦੇ ਦਫ਼ਤਰ ਵਿਖ਼ੇ ਛਾਪਾ ਮਾਰਿਆ ਜਿੱਥੇ 15 ਹਜ਼ਾਰ ਰੁਪਏ ਦੀ ਰਕਮ ਦਿੱਤੇ ਜਾਣ ਮਗਰੋਂ ਆਰ.ਟੀ.ਏ. ਅਤੇ ਡਰਾਈਵਰ ਅਮਰਜੀਤ ਸਿੰਘ ਨੰਬਰ 36/482 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।






















