ਚੰਡੀਗੜ੍ਹ, 27: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਸੂਬੇ ਵਿੱਚ ਉਦਯੋਗਾਂ ਨੂੰ ਮੁੜ ਲੀਹ ‘ਤੇ ਲਿਆਉਣ ‘ਚ ਕੋਈ ਕਸਰ ਨਹੀਂ ਛੱਡੀ ਜਾਏਗੀ ਅਤੇ ਨਵੀਂ ਉਦਯੋਗਿਕ ਨੀਤੀ ਨੂੰ ਹੂਬਹੂ ਲਾਗੂ ਕੀਤਾ ਜਾਵੇਗਾ।
ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦੇ ਕੇ ਉਦਯੋਗਾਂ ਨੂੰ ਰਾਹਤ ਦੇਣ ਦੀ ਸਰਕਾਰ ਦੀ ਨੀਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਹੋਰ ਸਬਸਿਡੀਆਂ ਵੀ ਪਹਿਲ ਦੇ ਆਧਾਰ ‘ਤੇ ਮਿਲਣਗੀਆਂ। ਉਨ੍ਹਾ ਦੱਸਿਆ ਕਿ ਸਨਅਤੀ ਖੇਤਰਾਂ ਵਿਚ ਸੁੰਨੇ ਪਏ ਪਲਾਟਾਂ ਦੀ ਜਲਦ ਅਲਾਟਮੈਂਟ ਕੀਤੀ ਜਾਵੇਗੀ ਅਤੇ ਸਨਅਤੀ ਖੇਤਰਾਂ ਵਿੱਚ ਕੰਮਕਾਰੀ ਔਰਤਾਂ ਲਈ ਹੋਸਟਲਾਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।
ਉੱੱਘੇ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਸ੍ਰੀ ਅਰੋੜਾ ਨੇ ਦੱਸਿਆ ਕਿ ਮੈਂ ਨਿੱਜੀ ਤੌਰ ‘ਤੇ ਸਮੂਹ ਸ਼ਹਿਰਾਂ ਵਿਚਲੇ ਉਦਯੋਗਾਂ ਦਾ ਦੌਰਾ ਕਰਾਂਗਾ ਤਾਂ ਜੋ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਮੀਨੀ ਪੱਧਰ ‘ਤੇ ਹੱਲ ਤਲਾਸ਼ਿਆ ਜਾ ਸਕੇ। ਉਦਯੋਗਪਤੀਆਂ ਦੀ ਮੰਗ ‘ਤੇ ਉਨ੍ਹਾਂ ਕਿਹਾ ਕਿ ਟੈਕਸ ਰਿਫੰਡ ਵਿੱਚ ਤੇਜ਼ੀ ਲਿਆਉਣ ਦੇ ਯਤਨ ਕੀਤੇ ਜਾਣਗੇ।
ਸ੍ਰੀ ਅਰੋੜਾ ਨੇ ਉਦਯੋਗਪਤੀਆਂ ਨੂੰ ਛੋਟੀਆਂ ਸਨਅਤਾਂ ਲਈ ਘੱਟ ਲਾਗਤ ‘ਤੇ ਸਟੀਲ ਦਾ ਪ੍ਰਬੰਧ ਕਰਨਾ, ਸਨਅਤਾਂ ਤੱਕ ਸੜਕਾਂ ਬਣਾਉਣ ਲਈ ਕੌਮੀ ਸ਼ਾਹਰਾਹ ਅਥਾਰਟੀ (ਐਨ.ਐਚ.ਏ.ਆਈ.) ਨਾਲ ਗੱਲ ਕਰਨ, ਸੂਬੇ ਦੇ ਸਾਰੇ ਬਰਾਮਦਕਾਰਾਂ ਨੂੰ ਕਿਰਾਇਆ/ਭਾੜਾ ਸਬਸਿਡੀ, ਲੁਧਿਆਣਾ ਵਿਖੇ ਪ੍ਰਦਰਸ਼ਨੀ ਕੇਂਦਰ ਬਣਾਉਣ, ਜ਼ਮੀਨ ਅਲਾਟਮੇਂਟ ਲਈ ਸਾਂਝਾ ਕਾਨੂੰਨ ਬਣਾਉਣ, ਛੋਟੀਆਂ ਐਗਰੋ ਪ੍ਰਾਸੈਸਿੰਗ ਇਕਾਈਆਂ ਦੇ ਵਿਕਾਸ ‘ਚ ਕਿਸਾਨਾਂ ਨੂੰ ਭਾਈਵਾਲ ਬਣਾਉਣ, ਗ਼ੈਰ ਮਨਜ਼ੂਰਸ਼ੁਦਾ ਥਾਵਾਂ ‘ਤੇ ਚਲਦੀਆਂ ਹੌਜ਼ਰੀ ਇਕਾਈਆਂ ਨੂੰ ਮਨਜ਼ੂਰੀ ਦੇਣ, ਵਿਸ਼ੇਸ਼ ਨਿੱਟਵੇਅਰ ਯੂਨੀਵਰਸਿਟੀ ਦੀ ਸਥਾਪਨਾ ਕਰਨ ‘ਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਐਮ.ਆਈ.ਏ. ਦੇ ਸੰਜੀਵ ਵਸ਼ਿਸ਼ਟ, ਸੀ.ਆਈ.ਆਈ. ਦੇ ਜੀ.ਐਸ. ਭਾਟੀਆ, ਮੈਸਰਜ਼ ਬੈਕਟਰਜ਼ ਫੂਡ ਸਪੈਸ਼ਲਟੀਜ਼ ਦੇ ਪ੍ਰਵੀਨ ਕੁਮਾਰ ਗੋਇਲ, ਨਿੱਟਵੇਅਰ ਕਲੱਬ ਦੇ ਵਿਨੋਦ ਕੇ. ਥਾਪਰ, ਸ਼ਾਲ ਕਲੱਬ ਦੇ ਚਰਨਜੀਵ ਸਿੰਘ, ਰਾਜਧਾਨੀ ਕਾਸਟਿੰਗ ਦੇ ਅਨਿਲ ਕੁਮਾਰ ਗਰਗ, ਸੀ.ਆਈ.ਸੀ.ਯੂ. ਦੇ ਪੰਕਜ ਸ਼ਰਮਾ ਅਤੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਦੇ ਜੇ.ਐਸ. ਚੌਹਾਨ ਆਦਿ ਹਾਜ਼ਰ ਸਨ।