– ਬਹੁਤੀਆਂ ਮੰਡੀਆਂ ਮਾਲਵਾ ਖੇਤਰ ਦੀਆਂ, ਮੁਕਾਬਲੇਬਾਜੀ ਵਿਚ ਜਿਣਸਾਂ ਦੇ ਭਾਅ ਵੱਧਣ ਦੀ ਉਮੀਦ
ਮਾਨਸਾ, 15 ਸਤੰਬਰ (ਵਿਸ਼ਵ ਵਾਰਤਾ)- ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਲੈਕਟਰੌਨਿਕ ਨੈਸ਼ਨਲ ਐਗਰੀਕਲਚਰ ਮਾਰਕਿਟਿੰਗ (ਈ—ਨੈਮ) ਸਕੀਮ ਤਹਿਤ ਅੱਜ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਸੂਬੇ ਦੀਆਂ 19 ਵੱਖ—ਵੱਖ ਮੰਡੀਆਂ ਨੂੰ ਕਵਰ ਕੀਤਾ ਗਿਆ ਹੈ ਅਤੇ ਜਲਦੀ ਹੀ ਰਾਜ ਦੀਆਂ ਹੋਰ ਮੰਡੀਆਂ ਨੂੰ ਵੀ ਇਸ ਸਕੀਮ ਤਹਿਤ ਲਿਆਂਦਾ ਜਾਵੇਗਾ। ਇਸ ਸਕੀਮ ਤਹਿਤ ਕਿਸਾਨਾਂ ਦੀਆਂ ਜਿਣਸਾਂ ਦੀ ਖਰੀਦੋ—ਫਰੋਖਤ ਕਰਨ ਲਈ ਭਾਰਤ ਦੇ ਕਿਸੇ ਵੀ ਕੋਨੇ ਵਿਚ ਬੈਠੇ ਵਪਾਰੀ ਫਸਲਾਂ ਨੂੰ ਆਨਲਾਈਨ ਖਰੀਦਦਾਰੀ ਕਰ ਸਕਦੇ ਸਨ। ਦੱਸਿਆ ਗਿਆ ਹੈ ਕਿ ਅਜਿਹਾ ਹੋਣ ਨਾਲ ਵਪਾਰੀਆਂ ਦੇ ਮੁਕਾਬਲੇ ਵੱਧਣਗੇ, ਜਿਸ ਨਾਲ ਕਿਸਾਨਾਂ ਨੂੰ ਜਿਣਸਾਂ ਦੇ ਰੇਟ ਵੱਧ ਮਿਲਣ ਦੀ ਸੰਭਾਵਨਾ ਵਧੇਗੀ।
ਇਸ ਸਕੀਮ ਤਹਿਤ ਹੁਣ ਤੱਕ ਮਾਨਸਾ ਤੋਂ ਇਲਾਵਾ ਅਬੋਹਰ, ਬਰਨਾਲਾ, ਬਠਿੰਡਾ, ਫਾਜਿਲਕਾ, ਗਿੱਦੜਬਾਹਾ, ਗੋਨੇਆਣਾ, ਮੌੜ ਮੰਡੀ, ਸ੍ਰੀ ਮੁਕਤਸਰ ਸਾਹਿਬ, ਰਾਮਪੁਰਾ ਫੂਲ, ਤਪਾ, ਸੰਗਰੂਰ, ਅਮ੍ਰਿਤਸਰ, ਸਰਹਿੰਦ, ਹੁਸ਼ਿਆਰਪੁਰ, ਜਲੰਧਰ ਸ਼ਹਿਰ, ਪਠਾਣਕੋਟ, ਪਟਿਆਲਾ, ਰੋਪੜ ਦੀਆਂ ਮੰਡੀਆਂ ਆ ਗਈਆਂ ਹਨ।
ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਮਨਮੋਹਨ ਸਿੰਘ ਫਫੜੇ ਭਾਈਕੇ ਨੇ ਅੱਜ ਇਸ ਮਾਮਲੇ ਸਬੰਧੀ ਵਪਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੀ ਕੁਆਲਟੀ ਦੇ ਆਧਾਰ *ਤੇ ਵਾਜਬ ਮੁੱਲ ਮਿਲੇਗਾ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜਿਣਸਾਂ ਦੀ ਆਨਲਾਈਨ ਬੋਲੀ ਕਰਨ ਸਬੰਧੀ ਟਰੇਡਰਜ਼ ਨੂੰ ਆਪਣੇ—ਆਪਣੇ ਮੋਬਾਇਲ ਫੋਨ ਤੋਂ ਈ—ਨੈਮ ਐਪ ਰਾਹੀਂ ਜਿਣਸਾਂ ਦੀ ਆਨਲਾਈਨ ਬੋਲੀ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਕੀਤ ਤਹਿਤ ਹੁਣ ਤੱਕ 509 ਕਮਿਸਨ ਏਜੰਟ, 42 ਟਰੇਡਰਜ਼ ਅਤੇ 10344 ਕਿਸਾਨਾਂ ਦੀ ਰਜਿਸਟਰੇਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਪਿੰਡ—ਪਿੰਡ ਜਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਕੀਤਾ ਜਾਣਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਕੋਈ ਕਿਸਾਨ—ਆੜਤੀਆ ਅਤੇ ਵਪਾਰੀ ਇਸ ਸਕੀਮ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਉਣੀ ਚਾਹੁੰਦਾ ਹੈ ਤਾਂ ਕਿਸੇ ਵੀ ਕੰਮ ਵਾਲੇ ਦਿਨ ਆਪਣਾ ਆਧਾਰ ਕਾਰਡ ਲਿਆਕੇ ਮਾਰਕਿਟ ਕਮੇਟੀ ਦਫਤਰ ਆਕੇ ਸੰਪਰਕ ਕਰ ਸਕਦਾ ਹੈ।
ਮੀਟਿੰਗ ਵਿਚ ਅਮਰਪ੍ਰੀਤ ਸਿੰਘ ਮਾਨਸ਼ਾਹੀਆ, ਸੁਰੇਸ ਕੁਮਾਰ, ਰਣਜੀਤ ਸਿੰਘ, ਸੰਦੀਪ ਸਿੰਘ, ਅਮਨਦੀਪ ਬਾਂਸਲ, ਤਲਵਿੰਦਰ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਫਫੜੇ, ਈ—ਨੈਮ ਮਾਰਕਿਟਿੰਗ ਬਾਰੇ ਵਪਾਰੀਆਂ ਨੂੰ ਦੱਸਦੇ ਹੋਏ। (ਫੋਟੋ ਵਿਸ਼ਵ ਵਾਰਤਾ)