-ਪਟਿਆਲਾ ਤੋਂ 24 ਰੇਲ ਗੱਡੀਆਂ ਰਾਹੀਂ ਹੁਣ ਤੱਕ 27 ਹਜ਼ਾਰ ਤੋਂ ਵਧੇਰੇ ਪ੍ਰਵਾਸੀ ਤੇ ਦੂਸਰੇ ਰਾਜਾਂ ਦੇ ਵਸਨੀਕ ਸੁਰੱਖਿਅਤ ਆਪਣੇ ਘਰ ਭੇਜੇ-ਕੁਮਾਰ ਅਮਿਤ

-ਦੂਜੇ ਰਾਜਾਂ ਦੇ ਵਸਨੀਕਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਪੰਜਾਬ ਸਰਕਾਰ ਗੰਭੀਰ-ਕੁਮਾਰ ਅਮਿਤ
-ਹਰਦੋਈ ਜਾਣ ਵਾਲੇ ਯਾਤਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
ਪਟਿਆਲਾ, 24 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਵੱਖ-ਵੱਖ ਕੰਮ ਧੰਦਿਆਂ ‘ਚ ਲੱਗੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਦੂਸਰੇ ਰਾਜਾਂ ਦੇ ਹੋਰਨਾਂ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿੱਚ ਛੱਡਣ ਲਈ ਅੱਜ ਪੰਜਾਬ ਦੀ 300ਵੀਂ ਰੇਲ ਗੱਡੀ ਉਤਰ ਪ੍ਰਦੇਸ਼ ਦੇ ਬਰੇਲੀ ਤੇ ਹਰਦੋਈ ਜ਼ਿਲ੍ਹੇ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈ। ਇਸ ਰੇਲ ਨੂੰ ਰਵਾਨਾ ਕਰਨ ਸਮੇਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ। ਜਦੋਂਕਿ ਦੇਰ ਰਾਤ ਬਿਹਾਰ ਦੇ ਸਹਰਸਾ ਜ਼ਿਲੇ ਦੇ ਕਰੀਬ 1600 ਵਸਨੀਕਾਂ ਨੂੰ ਲੈਕੇ ਵੀ ਇੱਕ ਰੇਲ ਗੱਡੀ ਰਵਾਨਾ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਤੋਂ 5 ਮਈ 2020 ਤੋਂ ਅੱਜ ਤੱਕ 24 ਰੇਲਾਂ ਰਾਹੀਂ ਹੁਣ ਤੱਕ 27 ਹਜ਼ਾਰ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜਾਂ ਲਈ ਭੇਜਿਆ ਜਾ ਚੁੱਕਾ ਹੈ। ਜਦੋਂਕਿ ਲੁਧਿਆਣਾ, ਜਲੰਧਰ, ਐਸ.ਏ.ਐਸ. ਨਗਰ, ਸ੍ਰੀ ਅੰਮ੍ਰਿਤਸਰ ਸਾਹਿਬ, ਫ਼ਿਰੋਜ਼ਪੁਰ, ਸਰਹਿੰਦ ਅਤੇ ਬਠਿੰਡਾ ਤੋਂ ਵੀ ਰੋਜ਼ਾਨਾ ਰੇਲਾਂ ਰਵਾਨਾ ਹੋ ਰਹੀਆਂ ਹਨ ਅਤੇ ਹੁਣ ਤੱਕ ਕਰੀਬ 3 ਲੱਖ 70 ਹਜ਼ਾਰ ਦੇ ਕਰੀਬ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ‘ਚ ਭੇਜਿਆ ਜਾ ਚੁੱਕਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਰੋਨਾਵਾਇਰਸ ਕਰਕੇ ਲਾਗੂ ਦੇਸ਼ ਵਿਆਪੀ ਤਾਲਾਬੰਦੀ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਸੀ। ਇਸ ਦੇ ਮੱਦੇਨਜ਼ਰ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਤੋਂ ਜਾਣ ਵਾਲੀ 300ਵੀਂ ਰੇਲ ਗੱਡੀ ਨੂੰ ਰਵਾਨਾ ਕੀਤਾ ਹੈ।
ਯੂ.ਪੀ. ਦੇ ਬਰੇਲੀ-ਹਰਦੋਈ ਜ਼ਿਲ੍ਹੇ ਨੂੰ ਜਾਣ ਵਾਲੀ ਇਸ ਰੇਲ ਗੱਡੀ ਵਿੱਚ ਸਵਾਰ 1380 ਤੋਂ ਵਧੇਰੇ ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਸੰਕਟ ਦੀ ਘੜੀ ਉਨ੍ਹਾਂ ਦੀ ਕੀਤੀ ਗਈ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਯਾਤਰੀਆਂ ਨੂੰ ਰਵਾਨਾ ਕਰਨ ਦੇ ਕੰਮ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਪਾਰਦਰਸ਼ਤਾ ਰੱਖੀ ਜਾਂਦੀ ਹੈ। ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਮੁਫ਼ਤ ਖਾਣਾ, ਪਾਣੀ ਅਤੇ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਜਿਆਦਾਤਰ ਲੋਕ ਹੁਣ ਜਾਣਾ ਨਹੀਂ ਚਾਹੁੰਦੇ ਕਿਉਂਕਿ ਪਟਿਆਲਾ ਜ਼ਿਲ੍ਹੇ ਅੰਦਰ ਸਨਅਤਾਂ ਮੁੜ ਤੋਂ ਚੱਲ ਪਈਆਂ ਹਨ ਅਤੇ ਲੋਕਾਂ ਨੂੰ ਮੁੜ ਤੋਂ ਰੋਜ਼ਗਾਰ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ। ਇਸ ਦੌਰਾਨ ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਤੇ ਸ. ਜਗਨੂਰ ਸਿੰਘ, ਸਟੇਸ਼ਨ ਸੁਪਰਡੈਂਟ ਸ. ਅਜੀਤ ਸਿੰਘ ਚੀਮਾ ਅਤੇ ਚੀਫ਼ ਟਿਕਟ ਇੰਸਪੈਕਟਰ ਸ. ਭਲਿੰਦਰ ਸਿੰਘ ਗਰੇਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।





















