
ਸਰਕਾਰ ਟੋਲ ਪਲਾਜ਼ਿਆਂ ਸਬੰਧੀ ਨੀਤੀ ਦਾ ਚਿੱਟਾ ਪੇਪਰ ਜਾਰੀ ਕਰੇ
3-7- ਬਲਾਚੌਰ ਅੱਜ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ 24 ਥਾਵਾਂ ਤੋਂ ਉੱਪਰ ਟੋਲ ਪਲਾਜ਼ੇ ਲੱਗੇ ਹੋਏ ਹਨ। ਜੋ ਕਿ ਪੰਜਾਬ/ਕੇਂਦਰ ਸਰਕਾਰ ਦੀ ਸਰਕਾਰੀ ਲੁੱਟ ਦੇ ਅੱਡੇ ਹਨ। ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੇ ਜ਼ਿਲ੍ਹਾ ਸ.ਭ.ਸ. ਨਗਰ ਵਿੱਚ ਬੱਛੂਆਂ (ਬਲਾਚੌਰ) ਅਤੇ ਬਹਿਰਾਮ (ਬੰਗਾ) ਵਿੱਚ ਟੋਲ ਪਲਾਜ਼ੇ ਚਲਾਏ। ਹਾਲਾਂਕਿ ਇਸ ਸਮੇਂ ਦੌਰਾਨ ਸੜਕ ਤੇ ਪੁਲਾਂ ਦਾ ਕੰਮ ਕਾਫੀ ਅਧੂਰਾ ਪਿਆ ਹੈ। ਜਿਲ੍ਹੇ ਵਿੱਚ ਟੋਲ ਪਲਾਜਿਆ ਦਾ ਹੜ ਲੋਕਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਧਰਤੀ ਤੋਂ ਦੂਰ ਕਰਨਾ ਹੈ, ਤਾਂਕਿ ਕ੍ਰਾਂਤੀਕਾਰੀ ਪ੍ਰੇਰਨਾ ਨੂੰ ਰੋਕਿਆ ਜਾ ਸਕੇ ਅਤੇ ਸਰਮਾਏਦਾਰੀ ਦਾ ਬੋਲ ਬਾਲਾ ਹੋਵੇ। ਪੀ. ਪੀ. ਪੀ. ਅਤੇ ਬੀ. ਉ. ਟੀ. ਮਾਡਲ ਤਹਿਤ ਪੰਜਾਬ ਕੇਂਦਰ ਸਰਕਾਰ ਪੰਜਾਬੀਆਂ ਨੂੰ ਕਾਣੀ ਨਜ਼ਰ ਨਾਲ ਲੁੱਟ ਰਹੀ ਹੈ। ਚੰਡੀਗੜ੍ਹ ਤੋਂ ਫਗਵਾੜੇ ਤੱਕ ਚਾਰ ਟੋਲ ਪਲਾਜ਼ੇ ਹਨ। ਰੋਪੜ ਜ਼ਿਲ੍ਹਾ ਗੁਰੂ ਦਸਮੇਸ਼ ਪਿਤਾ ਤੇ ਪੰਥ ਦੀ ਧਰਤੀ ਹੈ, 4 ਟੋਲ ਪਲਾਜ਼ਿਆਂ ਨਾਲ ਘਿਰੀ ਹੋਈ ਹੈ। ਜਿਸ ਵਿੱਚ ਸ਼ਿਮਲਾ, ਸੋਲਖੀਆਂ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ ਵਿਖੇ ਲੱਗੇ ਹਨ। ਪੰਥ ਸਿਰਜਣ ਧਰਤੀ ਸ਼੍ਰੀ ਅਨੰਦਪੁਰ ਸਾਹਿਬ, ਛੇਵੀਂ ਪਾਤਸ਼ਾਹੀ ਦੀ ਧਰਤੀ ਕੀਰਤਪੁਰ ਸਾਹਿਬ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਚਮਕੌਰ ਸਾਹਿਬ ਨੂੰ ਟੋਲ ਪਲਾਜ਼ਾ ਨਾਲ ਘੇਰਨਾ ਗੰਗੁਵਾਦੀ ਸੋਚ ਦਾ ਪ੍ਰਗਟਾਵਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋ ਟੋਲ ਪਲਾਜ਼ਿਆਂ ਨਾਲ ਘੇਰਿਆ ਹੈ। ਦੁਆਬੇ ਵਿੱਚ ਕੁੱਲ 10 ਟੋਲ ਪਲਾਜ਼ੇ ਹਨ। ਦੁਆਬੇ ਵਿੱਚ ਪ੍ਰਵੇਸ਼ ਦੁਆਰ ਰੋਪੜ 4, ਲੁਧਿਆਣਾ 3 ਟੋਲ ਪਲਾਜ਼ੇ ਵਪਾਰੀਆਂ ਦਾ ਘਾਣ ਕਰਨ ਲਈ ਲੁਧਿਆਣਾ ਸ਼ਹਿਰ ਚਾਰ ਟੋਲ ਪਲਾਜ਼ਿਆਂ ਨਾਲ ਘੇਰਿਆ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਰਦਾਰ ਗੜ੍ਹੀ ਨੇ ਬਲਾਚੌਰ ਵਿਧਾਨ ਸਭਾ ਦੀ ਲੀਡਰਸ਼ਿਪ ਵੱਲੋਂ ਟੋਲ ਪਲਾਜ਼ੇ ਬੱਛੂਆਂ ਵਿਖੇ ਲਗਾਏ ਰੋਸ ਪ੍ਰਦਰਸ਼ਨ ਵਿੱਚ ਬੋਲਦਿਆਂ ਕਿਹਾ ਕੀ ਸਰਕਾਰ ਟੋਲ ਪਲਾਜ਼ਿਆਂ ਉੱਪਰ ਚਿੱਟਾ ਪੇਪਰ ਜਾਰੀ ਕਰੇ। ਸਰਕਾਰ ਪਹਿਲਾਂ ਕਹਿੰਦੀ ਸੀ 70 ਕਿਲੋਮੀਟਰ ਤੋਂ ਬਾਅਦ ਟੋਲ ਪਲਾਜ਼ਾ ਲੱਗੇਗਾ। ਜਦੋਂ ਕਿ ਹੁਣ ਚੰਡੀਗੜ੍ਹ ਤੋਂ ਫਗਵਾੜਾ, ਚੰਡੀਗੜ੍ਹ ਤੋਂ ਸ੍ਰੀ ਅਾਨੰਦਪੁਰ ਸਾਹਿਬ 100-150 ਕਿਲੋਮੀਟਰ ਦੇ ਦਾਇਰੇ ਵਿੱਚ 7 ਟੋਲ ਪਲਾਜ਼ੇ ਹਨ। ਇਸ ਮੌਕੇ ਪ੍ਰਚੰਡ ਰੋਸ ਪ੍ਰਦਰਸ਼ਨ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਵਿੱਚ, ਕਿਸਾਨ ਵਪਾਰੀ ਮੁਲਾਜ਼ਮਾਂ ਅਤੇ ਆਮ ਸ਼ਹਿਰੀਆਂ ਨੂੰ ਟੋਲ ਪਲਾਜੇ ਦੀ ਲੁੱਟ ਤੋਂ ਬਚਾਉਣ ਲਈ ਕੀਤਾ ਗਿਆ। ਇਸ ਵਿੱਚ ਸ੍ਰੀ ਹਰਬੰਸ ਲਾਲ ਜ਼ੋਨ ਇੰਚਾਰਜ, ਸ੍ਰੀ ਜਸਵੀਰ ਸਿੰਘ ਔਲੀਆਪੁਰ ਵਿਧਾਨ ਸਭਾ ਪ੍ਰਧਾਨ ਬਲਾਚੌਰ, ਸ੍ਰੀ ਬਲਦੇਵ ਮੋਹਰ, ਸ੍ਰੀ ਪੰਮਾ ਐੱਮਸੀ ਜ਼ਿਲ੍ਹਾ ਸੰਗਠਨ ਸਕੱਤਰ, ਸ੍ਰੀ ਬਲਦੇਵ ਬਸਪਾ, ਸ੍ਰੀ ਤੁਲਸੀ ਰਾਮ, ਸ੍ਰੀ ਬਖ਼ਸ਼ੀਸ਼ ਸਿੰਘ, ਸ੍ਰੀ ਬਾਬਾ ਕੇਵਲ ਰਾਮ, ਰਾਮ ਲਾਲ, ਪ੍ਰੇਮ ਸਰਪੰਚ ਕਿਸ਼ਨਪੁਰਾ, ਅਮਰਜੀਤ ਸਰਪੰਚ, ਬਲਦੇਵ ਰੱਤੇਵਾਲ, ਵਿਜੇ ਰੱਤੇਵਾਲ, ਰਾਣਾ ਰੱਤੇਵਾਲ, ਗੁਰਸ਼ਰਨ ਸਿੰਘ ਟੋਂਸਾ, ਗੋਲਡੀ ਬਸ਼ੂਆਂ, ਉਂਕਾਰ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਜਸਵੰਤ ਕਲੇਰ, ਜੈਪਾਲ ਸੈਂਪਲੇ, ਡਾਕਟਰ ਦੁੱਗਲ ਭਰਥਲਾ, ਪ੍ਰੇਮਾ ਭਰਥਲਾ ਆਦਿ ਹਾਜ਼ਰ ਸਨ।






















