ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ‘ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਕੀਤਾ ਗਿਆ ਸੈਮੀਨਾਰ ਦਾ ਆਯੋਜਨ
ਮੀਡੀਆ ਉਪਰ ਵੱਡੇ ਕਾਰਪੋਰੇਟਾਂ ਦੇ ਭਾਰੂ ਹੋਣ ’ਤੇ ਚਿੰਤਾ ਦੇ ਪ੍ਰਗਟਾਵੇ
ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਉਘੇ ਖੇਤੀ ਅਰਥ ਸਾਸ਼ਤਰੀ ਦਵਿੰਦਰ ਸ਼ਰਮਾ ਤੇ ਹਰਤੋਸ਼ ਸਿੰਘ ਬੱਲ ਨੇ ਰੱਖੇ ਵਿਚਾਰ
ਚੁਣੌਤੀਆਂ ਤੇ ਰੁਕਾਵਟਾਂ ਦੇ ਬਾਵਜੂਦ ਪੱਤਰਕਾਰਾਂ ਨੂੰ ਹੱਦ ਅੰਦਰ ਰਹਿ ਕੇ ਸਹੀ ਦਿਸ਼ਾ ਵਿਚ ਕੰਮ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ):ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਬੀਤੇ ਦਿਨੀਂ ‘ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਸੰਵਾਦ (ਸੈਮੀਨਾਰ) ਦਾ ਆਯੋਜਨ ਕੀਤਾ ਗਿਆ। ਇੱਥੇ ਮਿਉੰਸਪਲ ਭਵਨ ਵਿਖੇ ਆਯੋਜਿਤ ਸੰਵਾਦ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਕਾਰਵਾਂ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬੱਲ ਅਤੇ ਉਘੇ ਖੇਤੀ ਅਰਥ ਸਾਸ਼ਤਰੀ ਦਵਿੰਦਰ ਸ਼ਰਮਾ ਸਨ, ਮੁੱਖ ਬੁਲਾਰੇ ਵਜੋੰ ਸ਼ਾਮਲ ਹੋਏ, ਜਦੋੰ ਕਿ ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜੰਮੂ ਨੇ ਕੀਤੀ।

ਸੱਭ ਤੋਂ ਪਹਿਲਾਂ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯੂਨੀਅਨ ਵਲੋੰ ਪੱਤਰਕਾਰਾਂ ਦੇ ਹਿੱਤ ਵਿਚ ਕੀਤੇ ਗਏ ਕਾਰਜਾਂ ਤੋੰ ਜਾਣੂੰ ਕਰਵਾਇਆ। ਇਸ ਮੌਕੇ ਬੁਲਾਰਿਆ ਨੇ ਮੀਡੀਆ ਉਪਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਭਾਰੂ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਕਾਰਨ ਪੱਤਰਕਾਰਾਂ ਨੂੰ ਕੰਮ ਕਰਨ ਸਮੇਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਾਬਕਾ ਮੁੱਖ ਸਕਤੱਰ ਰਮੇਸ਼ ਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਲੋਕ ਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਅੱਜ ਕੱਲ ਰਾਜਨੀਤਕ ਸ਼ਕਤੀਆਂ ਇਸ ਨੂੰ ਟੂਲ ਵਜੋਂ ਇਸਤੇਮਾਲ ਕਰਨ ਲੱਗੀਆਂ ਹਨ। ਟੀ.ਵੀ. ਚੈਨਲਾਂ ਦੇ ਨਾਲ ਨਾਲ ਹੁਣ ਸੋਸ਼ਲ ਮੀਡੀਆ ਦਾ ਰੁਝਾਨ ਵਧਿਆ ਹੈ। ਪਾਠਕ ਅਪਣੇ ਵਿਚਾਰਾਂ ਵਾਲੇ ਸੋਸ਼ਲ ਮੀਡੀਆ ਸਾਧਨ ਚੁਣਦੇ ਹਨ। ਉਨ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਕਿ ਕੌਮੀ ਤੇ ਖੇਤਰੀ ਮੀਡੀਏ ਵਿਚ ਵੱਡਾ ਫ਼ਰਕ ਸਾਹਮਣੇ ਆਇਆ ਹੈ। ਦਵਿੰਦਰ ਸ਼ਰਮਾ ਨੇ ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਵਿਸਥਾਰ ਪੂਰਬਕ ਗੱਲ ਕਰਦਿਆਂ ਕਿਹਾ ਕਿ ਤਿੰਨੇ ਕਾਨੂੰਨ ਰੱਦ ਹੋਣ ਨਾਲ ਚੌਥਾ ਨਵਾਂ ਕਾਨੂੰਨ ਐਮ.ਐਸ.ਪੀ. ਦੀ ਗਰੰਟੀ ਵਾਲਾ ਬਣਨਾ ਚਾਹੀਦਾ ਹੈ। ਉਨ੍ਹਾਂ ਸਪੇਨ ਤੇ ਕੇਰਲ ਮਾਡਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਸੁਸਾਇਟੀ ਦਾ ਮਜ਼ਬੂਤ ਥੰਮ ਹਨ ਅਤੇ ਹੁਣ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਵਧੀਆ ਮੌਕਾ ਦਿਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਚੰਗੇ ਸਵਾਲ ਹਰ ਥਾਂ ਪੁੱਛਣੇ ਚਾਹੀਦੇ ਹਨ।
ਹਰਤੋਸ਼ ਬੱਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਮੀਡੀਆ ’ਤੇ ਕਬਜ਼ੇ ਅਤੇ ਆਰ.ਐਸ.ਐਸ. ਵਰਗੀਆਂ ਸ਼ਕਤੀਆਂ ਕਾਰਨ ਪੱਤਰਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਰਪੇਸ਼ ਹਨ। ਸਰਕਾਰਾਂ ਨਾਲ ਜੁੜ ਕੇ ਪੱਤਰਕਾਰ ਸਹੀ ਸਵਾਲ ਕਦੇ ਨਹੀਂ ਪੁੱਛ ਸਕਦੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਮੁਸ਼ਕਲਾਂ ਤੇ ਰੋਕਾਂ ਦੇ ਬਾਵਜੂਦ ਜਿੰਨਾ ਹੋ ਸਕੇ ਸਹੀ ਦਿਸ਼ਾ ’ਚ ਕੰਮ ਹੱਦਾਂ ਅੰਦਰ ਰਹਿ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਜਿੰਨੇ ਸਵਾਲ ਪੁੱਛੇਗਾ ਉਨਾ ਜਿ਼ਆਦਾ ਲੋਕਤੰਤਰ ਦੀ ਬਹਾਲੀ ਹੋਵੇਗੀ ਅਤੇ ਲੋਕ ਮੁੱਦਿਆਂ ’ਤੇ ਚਰਚਾ ਹੋਵੇਗੀ। ਮੰਚ ਸੰਚਾਲਨ ਬਿੰਦੂ ਸਿੰਘ ਨੇ ਕੀਤਾ। ਇਸ ਮੌਕੇ ਸਾਬਕਾ ਆਈ.ਏ.ਐਸ ਕੁਲਬੀਰ ਸਿਘ ਸਿੱਧੂ, ਪ੍ਰੋ ਮਨਜੀਤ ਸਿੰਘ, ਜਗਤਾਰ ਸਿੱਧੂ, ਖੁਸ਼ਹਾਲ ਸਿੰਘ, ਤਰਲੋਚਨ ਸਿੰਘ, ਜਗਤਾਰ ਭੁੱਲਰ, ਦੀਪਕ ਸ਼ਰਮਾ ਚਨਾਰਥਲ, ਸੰਦੀਪ ਸ਼ਰਮਾ, ਪ੍ਰੀਤਮ ਰੁਪਾਲ, ਬਲਵਿਦੰਰ ਸਿਪਰੇ ਪੱਤਰਕਾਰ ਹਾਜ਼ਰ ਸਨ।























