” ਅੱਖਰ ਅੱਖਰ “
ਪੰਜਾਬੀ ਗਜ਼ਲ ਨੇ ਸਾਢੇ ਤਿੰਨ ਸੌ ਸਾਲ ਦਾ ਐਸਾ ਸ਼ਾਨਾਮੱਤਾ ਸਫ਼ਰ ਕਰ ਲਿਆ ਹੈ ਕਿ ਇਸ ਦੇ ਸਮਾਜਿਕ ਸ਼ਊਰ ਦੇ ਗੁੰਬਦ ਹੁਣ ਧਾਰਮਿਕ ਅਕੀਦਤ ਵਿੱਚ ਮਾਣਤ ਹੋ ਰਹੇ ਹਨ। ਗ਼ਜ਼ਲ ਦੇ ਆਮ ਇਤਿਹਾਸਕਾਰ ਗ਼ਜ਼ਲ ਅਰਬੀ ਫ਼ਾਰਸੀ ਤੇ ਫਿਰ ਉਰਦੂ ਦੀ ਜਾਈ ਕਹਿੰਦੇ ਰਹੇ ਹਨ ਪਰ ਬਨਸਪਤੀ ਮਾਹਿਰ ਸਮਝਦੇ ਹਨ ਕਿ ਭਾਵੇਂ ਬੀਜ ਦਾ ਵੀ ਮਹੱਤਵ ਜ਼ਰੂਰ ਹੁੰਦਾ ਹੈ ਪਰ ਉਸ ਬੀਜ ਲਈ ਫ਼ਲ ਦੇਣ ਲਈ ਅਗਲੀ ਧਰਤ ਦਾ ਪੌਣ ਪਾਣੀ ਅਤੇ ਜਣਨ ਕਿਰਿਆ ਦਾ ਵੀ ਵਿਸ਼ੇਸ਼ ਸਥਾਨ ਹੁੰਦਾ ਹੈ। ਗ਼ਜ਼ਲ ਦਾ ਬੀਜ ਕਦੇ ਪੰਜਾਬੀ ਗ਼ਜ਼ਲ ਦੀ ਗੁੰਬਦ ਪ੍ਰਕਿਰਿਆ ਤੱਕ ਨਾ ਪਹੁੰਚਦਾ ਜੇਕਰ ਪੰਜਾਬੀ ਕਾਵਿ ਵਿਚ ਰਿਗ ਵੈਦਿਕ ਰਿਚਾਵਾਂ, ਬੁੱਧ ਧਰਮ ਦਾ ਸਾਹਿਤ ਧਰਮ, ਪੰਜਾਬੀ ਲੋਕ ਗੀਤਕ ਸੁਰ, ਬਾਬਾ ਫ਼ਰੀਦ ਦੇ ਸ਼ਲੋਕਾਂ ਦੀ ਉਪਜਾਊ ਜਰਖੇਜ਼ ਜ਼ਮੀਨ ਨਾ ਹੁੰਦੀ। ਪੰਜਾਬੀਆਂ ਦੀ ਸੁਰ-ਲਹਿਰੀ ਵਿਚ ਸ਼ਿਅਰਕਾਰੀ ਸਦੀਆਂ ਤੋਂ ਹਵਾ ‘ਚ ਘੁਲ਼ੀ ਮਹਿਕ ਵਾਂਗ ਪੇਸ਼ ਪੇਸ਼ ਸੀ। ਸੋਲਵੀਂ ਸਦੀ ਦੇ ਜਗਤ ਪ੍ਰਸਿੱਧ ਵਰਤਾਰੇ ਨੂੰ ‘ਮਨਸੂਰ ਅਤੇ ਸ਼ਿਬਲੀ’ ਦੇ ਲੰਮੇ ਚੌੜੇ ਇਤਿਹਾਸਕ ਵਰਤਾਰੇ ਨੂੰ ਪੰਜਾਬੀ ਸ਼ਿਅਰ ਵਿੱਚ ਹੀ ਕਿਸ ਸਲੀਕੇ ਨਾਲ ਦਿਲ ਵਿੰਨਵੀਂ ਪੇਸ਼ਕਾਰੀ ਕਰ ਜਾਂਦੇ ਨੇ ਇਸ ਦੀ ਮਿਸਾਲ ਕੁੱਲ ਅਰਬ ਫਾਰਸ ਦੇ ਸਾਹਿਤ ਵਿੱਚ ਨਹੀਂ ਮਿਲਦੀ ਪਰ ਤੁਸੀਂ ਇਸ ਗੀਤ ਦਾ ਮੁੱਖੜਾ ਰੂਪੀ ਸ਼ਿਅਰ ਵੀ ਸੁਣ ਲਓ:
ਗੈਰਾਂ ਦਿਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ।
ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ।
ਹੈ ਕਿਸੇ ਭਾਸ਼ਾ ਵਿੱਚ ਐਸਾ ਸ਼ਿਅਰ ? ਐਸੀ ਸ਼ਿਅਰਕਾਰੀ ਪੰਜਾਬੀ ਹੀ ਕਰ ਸਕਦੇ ਨੇ। ਪੰਜਾਬੀ ਗ਼ਜ਼ਲ ਨੇ ਤਾਂ ਬਾਬਾ ਫ਼ਰੀਦ ਦੇ ਸਮਾਂ ਕਾਲ ਦੀ ਕੁੱਖ ਵਿੱਚੋਂ ਜਨਮ ਲੈ ਲਿਆ ਸੀ। ਪਾਕਿਸਤਾਨੀ ਗ਼ਜ਼ਲ ਵਿਦਵਾਨ ਹੁਣ ਵੀ ਬਾਬਾ ਫ਼ਰੀਦ ਨੂੰ ਹੀ ਪਹਿਲਾ ਪੰਜਾਬੀ ਗਜ਼ਲਕਾਰ ਮੰਨਦੇ ਹਨ।
ਪੰਜਾਬੀ ਗਜ਼ਲ ਨੇ ਵਿਸ਼ਾ ਵਸਤੂ ਦੇ ਤੌਰ ਉੱਤੇ ਅਰਬੀ ਫ਼ਾਰਸੀ ਤੋਂ ਕੁਝ ਨਹੀਂ ਲਿਆ ਬੱਸ ਰੂਪਕ ਪੱਖ ਤੋਂ ਬਾਹਰੀ ਢਾਂਚਾ ਫ਼ਾਰਸੀ ਤੋਂ ਲਿਆ। ਉਹ ਸ਼ਿਅਰ ਜਿਹੜੇ ਵੱਖ ਵੱਖ ਤੁਕਾਂਤ ਵਿੱਚ ਮਹਿਕਦੇ ਸਨ ਉਨ੍ਹਾਂ ਨੂੰ ਇਕ ਬਗ਼ੀਚੀ ਵਿੱਚ ਤੇ ਗ਼ਜ਼ਲ ਜ਼ਮੀਂ ਦੇ ਗੁਲਦਸਤੇ ਵਿੱਚ ਲੋਕ ਮਨਾਂ ਦੇ ਸ਼ੋਅ ਕੇਸ ਵਿੱਚ ਸਜਾ ਦਿੱਤਾ, ਵਰਨਾ ਪੰਜਾਬੀ ਦੀ ਗਜ਼ਲ ਸੰਸਾਰ ਦੀਆਂ ਕੁੱਲ ਭਾਸ਼ਾ ਦੀਆਂ ਗ਼ਜ਼ਲਾਂ ਦੀ ਸਿਰਜਣਾ ਵਿੱਚ ਸੁਨਹਿਰੀ ਗੁੰਬਦ ਕਿਵੇਂ ਬਣ ਜਾਂਦੀ।
ਸੰਸਾਰ ਦੀ ਇਮਾਰਤਸਾਜ਼ੀ ਵਿੱਚ ਕਾਰੀਗਰ ਲਗਾਤਾਰ ਕਲਾ ਦਾ ਪ੍ਰਦਰਸ਼ਨ ਕਰਦੇ ਆ ਰਹੇ ਸਨ। ਸੱਤਵੀਂ ਸਦੀ ਵਿੱਚ ਪ੍ਰਸਿੱਧ ਅਤੇ ਪਾਤਸ਼ਾਹੀ ਇਮਾਰਤਾਂ ਉੱਤੇ ਮੁੱਢਲੀ ਕਿਸਮ ਦੇ ਚਨੁਕਰੇ ਸਿਰ ਬਦਲੇ ਆਰੰਭ ਹੋਏ ਸਨ ਜਿਨ੍ਹਾਂ ਨੂੰ ਗੁੰਬਜ ਜਾਂ ਗੂੰਜ ਬਾਜ਼ ਸਮਝਿਆ ਜਾਂਦਾ ਸੀ। ਇਨ੍ਹਾਂ ਆਵਾਜ਼ਾਂ ਦੀ ਗੂੰਜ ਦੇ ਜਾਦੂ ਨੇ ਗੁੰਬਦਾਂ ਨੂੰ ਜਨਮ ਦਿੱਤਾ। ਕੁੱਲ ਸੰਸਾਰ ਉੱਤੇ ਵਿਸ਼ੇਸ਼ ਇਮਾਰਤਾਂ ਦੇ ਉੱਪਰ ਉਨ੍ਹਾਂ ਦੇ ਸਿਰ ਬਣਨ ਲੱਗੇ। ਧਾਰਮਕ ਅਤੇ ਬਾਦਸ਼ਾਹੀ ਮਹਿਲਾਂ ਦੇ ਉੱਪਰ ਵੀ ਗੁੰਬਦ ਬਣਨ ਲੱਗੇ। ਸੰਸਾਰ ਵਿਚ ਕੋਈ ਵੀ ਕਲਾ ਸਥਾਨਕ ਨਹੀਂ ਰਹਿੰਦੀ। ਇਹ ਗੁੰਬਦਾਂ ਦੀ ਕਲਾ ਵੀ ਸੰਸਾਰ ਭਰ ਵਿਚ ਫ਼ੈਲੀ ਅਤੇ ਪੰਜਾਬ ਵਿਚ ਪਹੁੰਚੀ। ਸਾਡੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਤੇ ਵੀ ਗੁੰਬਦ ਥਾਂ-ਥਾਂ ਬਣੇ।
ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ ” ਦੇ ਗੁੰਬਦ ਰਾਹੀਂ ਪੰਜਾਬੀ ਗ਼ਜ਼ਲ ਉੱਤੇ ਵੀ ਸੋਨਾ ਚੜ੍ਹਨ ਵਾਲਾ ਹੈ। ਇਹ ਗਜ਼ਲ- ਗਰੰਥ ਪੰਜਾਬੀ ਗ਼ਜ਼ਲ ਇਮਾਰਤ ਉਤੇ ਗੁੰਬਦ ਹੈ। ਇਹ ਗੁੰਬਦ ਗ਼ਜ਼ਲ ਦੀ ਗੂੰਜ ਪੈਦਾ ਕਰੇਗਾ।
ਗੁਰਭਜਨ ਗਿੱਲ ਨੇ “ਅੱਖਰ-ਅੱਖਰ” ਗ਼ਜ਼ਲ ਗੁੰਬਦ ਵਿਚ 910 ਗ਼ਜ਼ਲਾਂ ਸ਼ਾਮਲ ਕਰਕੇ ਗ਼ਜ਼ਲ ਗੂੰਜ – ਬਾਜ਼ ਵਿੱਚ ਅਲਹਿਦਾ ਅਤੇ ਅਖੰਡ ਗੂੰਜ ਪੈਦਾ ਕੀਤੀ ਹੈ। ਜਿਸ ਉੱਤੇ ਸਿਫ਼ਤ ਦੇ ਸੋਨ ਪੱਤਰੇ ਚਾੜ੍ਹੇ ਜਾਣੇ ਨਿਹਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਆਭਾ ਦੀ ਰੀਸ ਕਰਦਿਆਂ ਅਗਾਂਹ ਚੱਲ ਕੇ ਅਜੋਕੇ ਸਮੇਂ ਵਿਚ ਹਰ ਪਿੰਡ ਦੇ ਗੁਰੂ ਘਰਾਂ ਵਿੱਚ ਗੁੰਬਦ ਸੁਭਾਇਮਾਨ ਹਨ। ਠੀਕ ਇਸੇ ਤਰ੍ਹਾਂ ਦੀ ਗੱਲ ਪੰਜਾਬੀਆਂ ਦੀ ਹਰਮਨ ਪਿਆਰੀ ਗ਼ਜ਼ਲ ਵਿਧਾ ਬਾਰੇ ਵੀ ਹੈ। ਕਵਿਤਾ ਤੇ ਖਾਸ ਕਰ ਪੱਛਮੀ ਹਨ੍ਹੇਰੀ ਨਾਲ਼ ਉਹਦੇ ਪੱਤਿਆਂ ਵਰਗੀ ਰਬੜ ਛੰਦ ਤੇ ਵਾਰਤਕ ਮੁਖੀ ਕਵਿਤਾ ਨਾਲੋਂ ਕਿਤੇ ਵੱਧ ਗ਼ਜ਼ਲ ਦੇ ਗੁੰਬਦ ਅੱਜ ਪੰਜਾਬ ਦੇ ਕੱਚੇ ਘਰਾਂ ਉਤੇ ਵੀ ਬਣ ਰਹੇ ਹਨ। ਗਜ਼ਲ ਤਾਂ ਗੁਰਭਜਨ ਦੀ ਜਨਮਭੂਮੀ ਪਿੰਡ ਬਸੰਤ ਕੋਟ (ਗੁਰਦਾਸਪੁਰ)ਦੇ ਕੱਚੇ ਘਰ ਦਾ ਸੁਨਹਿਰੀ ਗੁੰਬਦ ਹੈ:
ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ।
ਸੱਚੀ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ।
ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ,
ਸੰਗ ਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ।
(ਅੱਖਰ ਅੱਖਰ ਪੰਨਾ-321)
ਇਨ੍ਹਾਂ ਮਿੱਟੀ ਦੇ ਘਰਾਂ ਵਿਚ ਹੀ ਗੁਰਭਜਨ ਦਾ ਬਸੰਤ ਕੋਟ ਵਾਲਾ ਘਰ ਹੈ।
ਅੱਜ ਪੰਜਾਬੀ ਭਾਸ਼ਾ ਦੀ ਗ਼ਜ਼ਲ ਖੇਤਾਂ ਖਲਿਹਾਣਾਂ ਦਾ ਘਾਹ ਹੈ। ਹੁਣ ਇਹ ਧਰਤੀ -ਪੁੱਤਰ ਘਾਹ ਖਤਮ ਨਹੀਂ ਹੋਣਾ ਭਾਵੇਂ ਕਿੰਨੇ ਵੀ ਜ਼ਹਿਰੀ ਛਿੜਕਾਅ ਪਏ ਹੋਣ। ਇਸ ਦੀ ਜੜ੍ਹ ਮਿੱਟੀ ਦੇ ਸੀਨੇ ਵਿੱਚ ਹੈ। ਕਦੇ ਪੰਜਾਬੀ ਹਰ ਤਰ੍ਹਾਂ ਦੀਆਂ ਸਟੇਜਾਂ ਉੱਤੇ ਉਰਦੂ ਦੇ ਸ਼ਿਅਰ ਬੋਲਦੇ ਸਨ ਅੱਜ ਪੰਜਾਬੀ ਸ਼ਾਇਰਾਂ ਦੇ ਸ਼ੇਅਰ ਰੰਗ ਬੰਨ੍ਹਦੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਹੋਰ ਮਹੱਤਵਪੂਰਨ ਬੁਲਾਰੇ ਗੁਰਭਜਨ ਗਿੱਲ ਦੇ ਇਹ ਸ਼ਿਅਰ ਬਾਰ ਬਾਰ ਪਾਰਲੀਮੈਂਟ ਤੇ ਪੰਜਾਬ ਅਸੈਂਬਲੀ ਵਿੱਚ ਦੁਹਰਾਉਂਦੇ ਹਨ।
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।
(ਅੱਖਰ ਅੱਖਰ ਪੰਨਾ -77)
ਪੰਜਾਬੀ ਦੀ ਗ਼ਜ਼ਲ ਪੰਜਾਬੀ ਕਵਿਤਾ ਦੀ ਬੇਟੀ ਹੀ ਹੈ। ਪੰਜਾਬੀ ਕਵਿਤਾ ਜਿੰਨ੍ਹਾਂ ਰਾਹਾਂ ਦੀ ਫੁਲਵਾੜੀ ਹੈ ਗਜ਼ਲ ਵੀ ਉਨ੍ਹਾਂ ਰਾਹਾਂ ਵਿੱਚ ਫੁੱਲਾਂ ਦੀ ਮਹਿਕ ਹੈ। ਜਿੰਨਾਂ ਚਿਰ ਫ਼ਾਰਸੀ ਪੜ੍ਹੀ ਲਿਖੀ ਪੀੜ੍ਹੀ ਜ਼ਿੰਦਾ ਸੀ ਉਹ ਫਾਰਸੀ ਦੀ ਸ਼ਿਅਰਕਾਰੀ ਤੋਂ ਪ੍ਰਭਾਵਿਤ ਰਹਿਣ ਦੀ ਮਜਬੂਰੀ ਪਾਲਦੀ ਰਹੀ ਪਰ ਗੁਰਭਜਨ ਗਿੱਲ ਦੀ ਪੀੜ੍ਹੀ ਨੇ ਇਹ ਛੱਟ ਵੀ ਲਾਹ ਮਾਰੀ।
ਹੁਸਨ, ਇਸ਼ਕ, ਪਿਆਰ, ਮੁਹੱਬਤ ਤੇ ਰਾਂਝਾ ਹੀਰ ਜਾਂ ਮਿਰਜ਼ਾ-ਸਾਹਿਬਾਂ ਦੀ ਪ੍ਰਕਿਰਿਆ ਪੰਜਾਬੀਆਂ ਦੇ ਲਹੂ ਵਿਚ ਸੀ ਉਹ ਕੱਚੇ ਘੜੇ ਤੇ ਤਰ ਕੇ ਇਸ਼ਕ ਪੱਕਾ ਕਰਨ ਦੇ ਮਾਹਿਰ ਸਨ ਅਤੇ ਪੱਟ ਦੀ ਮੱਛਲੀ ਯਾਰ ਨੂੰ ਭੁੰਨ ਕੇ ਖੁਆ ਦਿੰਦੇ ਰਹੇ ਸਨ।
2.
ਪੰਜਾਬੀ ਰਹਿਤਲ ਵਿਚ ਹੋਰ ਵੀ ਅਨੇਕਾਂ ਮਸਲੇ ਮੁਸ਼ਕਲਾਂ ਇਸ਼ਕ ਨਾਲੋਂ ਵੱਡੇ ਦੈਂਤ ਮੁਖੀ ਵੀ ਸਨ। ਜੇਕਰ ਕਿਸੇ ਨੇ ਇਸ ਤੱਤ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਤਾਂ ਉਹ ਗੁਰਭਜਨ ਗਿੱਲ ਦੀ ਸ਼ਿਅਰਕਾਰੀ ਦੇ ਨਕਸ਼ ਹਨ।
ਜਬਰ ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅੱਤਿਆਚਾਰਾਂ ਤੇ ।
ਕਲਮਾਂ ਵਾਲਿਆ! ਉਸ ਪਲ ਸੂਈ ਧਰਿਆ ਕਰ ਸਰਕਾਰਾਂ ਤੇ ।
ਸਬਰ ਸਿਦਕ ਸੰਤੋਖ ਸਰੋਵਰ, ਜਦ ਕੰਢਿਆਂ ਤੋਂ ਭਰ ਜਾਵੇ,
ਤੁਰ ਪੈਂਦੇ ਨੇ ਲੋਕ ਉਦੋਂ ਹੀ, ਤਰਲਿਆਂ ਤੋਂ ਹਥਿਆਰਾਂ ਤੇ।
(ਅੱਖਰ ਅੱਖਰ ਪੰਨਾ-392)
ਪਤਾ ਨਹੀਂ ਕੀ ਵਜ੍ਹਾ ਹੈ ਕਿ ਸੰਸਾਰ ਭਰ ਦੀਆਂ ਕਮੀਨ ਘੜੀਆਂ ਪੰਜਾਬ ਦੇ ਸਿਰ ਹੀ ਕਿਉਂ ਹੋਈਆਂ। 1947 ਵਿਚ ਪੰਜਾਬ ਦੀ ਵੰਡ ਸ਼ਾਇਦ ਕੁਲ ਸੰਸਾਰ ਵਿੱਚ ਹੁਣ ਤੀਕ ਸਭ ਤੋਂ ਵਧੇਰੇ ਅਣਮਨੁੱਖੀ ਸੀ ਜਿਸ ਨੇ ਜੀਂਦੇ ਤੇ ਥੀਂਦੇ 10 ਲੱਖ ਪੰਜਾਬੀ ਜੀਅ ਮੌਤ ਨੇ ਹੜੱਪ ਲਏ।
ਏਸ ਆਜ਼ਾਦੀ ਅੱਥਰੂ ਦਿੱਤੇ ਜਸ਼ਨ। ਨਾ ਨਹੀਂ ਹੋਇਆ।
ਅੱਖੀਆਂ ਦੀ ਮਜਬੂਰੀ ਮੈਥੋਂ ਹੰਝ ਲੁਕਾ ਨਹੀਂ ਹੋਇਆ।
ਮੱਥੇ ਤੇ ਕਾਲਖ਼ ਦਾ ਟਿੱਕਾ ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ ਇਹ ਵੀ ਲਾਹ ਨਹੀਂ ਹੋਇਆ।
(ਅੱਖਰ ਅੱਖਰ ਪੰਨਾ -463)
ਜਲਿਆਂਵਾਲਾ ਬਾਗ ਦਾ ਸਾਕਾ ਕੁਲ ਹਿੰਦੁਸਤਾਨ ਦੇ ਹੋਰ ਕਿਸੇ ਹਿੱਸੇ ਵਿੱਚ ਕਿਉਂ ਨਾ ਵਾਪਰਿਆ? ਜਲ੍ਹਿਆਂ ਵਾਲਾ ਬਾਗ ਦਾ ਖੂਹ ਪੰਜਾਬ ਵਿੱਚ ਹੀ ਕਿਉਂ ਲੋਥਾਂ ਨਾਲ ਭਰਿਆ ਸੀ ਜਿਸ ਵਿਚ ਸੈਂਕੜੇ ਯੋਧੇ ਜੀਂਦੇ ਦਫ਼ਨ ਕਰ ਦਿੱਤੇ ਗਏ।
ਤੜਪ ਰਿਹੈ ਸੌ ਸਾਲ ਤੋਂ ਮਗਰੋਂ ਜੱਲ੍ਹਿਆਂ ਵਾਲਾ ਬਾਗ ਅਜੇ ਵੀ।
ਡਾਇਰ ਤੇ ਓਡਵਾਇਰ ਰਲ ਮਿਲ ਗਾਉਂਦੇ ਓਹੀ ਰਾਗ ਅਜੇ ਵੀ।
ਆਜ਼ਾਦੀ ਦਾ ਮੁਕਤੀ ਮਾਰਗ ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ ਨਾਲ ਅਲੂਣਾ ਸਾਗ ਅਜੇ ਵੀ।
(ਅੱਖਰ ਅੱਖਰ ਪੰਨਾ-270)
ਵਲੈਤੀ ਲਾਮਾਂ ਦੇ ਵੈਣ ਤੇ ਬਿਰਹੜੇ ਪੰਜਾਬ ਵਿੱਚ ਹੀ ਕਿਉਂ ਅਸਮਾਨ ਨੂੰ ਚੀਰ ਕੇ ਰੁਆਉਂਦੇ ਰਹੇ।ਅੱਤਵਾਦ ਪੰਜਾਬ ਵਿੱਚ ਹੀ ਏਨੇ ਭਿਆਨਕ ਚਿਹਰੇ ਵਾਲਾ ਕਿਉਂ ਆਇਆ ਜਿਸ ਨੇ ਸਾਡੇ ਹਜ਼ਾਰਾਂ ਗੱਭਰੂ ਖਾ ਲਏ।
ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।
ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ, ਧਰਤੀ ਤੇ ਸੁਕਰਾਤ ਮੀਆਂ।
(ਅੱਖਰ ਅੱਖਰ ਪੰਨਾ- 53)
ਸਾਰੀ ਦੁਨੀਆਂ ਨਾਲੋਂ ਵਧੇਰੇ ਰਸਾਇਣਕ ਨਸ਼ੇ ਚਿੱਟੇ ਦੀ ਮਾਰ ਪੰਜਾਬ ਨੂੰ ਹੀ ਕਿਉਂ ਪਈ। ਸੰਸਾਰ ਤੋਂ ਵਧੇਰੀ ਬੇਰੁਜ਼ਗਾਰੀ ਪੰਜਾਬ ਵਿੱਚ ਹੀ ਕਿਉਂ ਹੈ। ਕਿਉਂ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਵਿਦੇਸ਼ਾਂ ਨੂੰ ਉੱਡ ਕੇ ਜਾ ਰਹੇ ਨੇ। ਸਭ ਤੋਂ ਵਧੇਰੇ ਜੰਗਾਲੇ ਜਿੰਦਰੇ ਪੰਜਾਬੀ ਘਰਾਂ ਦੇ ਬੂਹਿਆਂ ਉੱਤੇ ਹੀ ਕਿਉਂ ਹਨ। ਪੰਜਾਬ ਦੇ ਰਾਹੀਂ ਹੀ ਸਿਕੰਦਰ ਕਿਉਂ ਆਉਂਦਾ ਹੈ,ਕਿਉਂਕਿ ਸੰਸਾਰ ਨਾਲ ਥਲ ਦਾ ਰਸਤਾ ਪੰਜਾਬ ਦਾ ਧਾੜਵੀ ਰਸਤਾ ਸੀ।
ਅਨੇਕਾਂ ਹੋਰ ਮੁਸ਼ਕਲ ਦੌਰ ਪੰਜਾਬ ਨਾਲ ਬਾਵਾਸਤਾ ਹਨ। ਏਥੇ ਵੱਸਣ ਵਾਲ਼ੇ ਹੱਸਾਸ ਲੋਕ ਤੇ ਖ਼ਾਸ ਕਰ ਸ਼ਾਇਰ ਜੇਕਰ ਇਨ੍ਹਾਂ ਬੇਥ੍ਹਵੀਆਂ ਹੋਣੀਆਂ ਦੇ ਸਨਮੁਖ ਕਲਮ ਨੂੰ ਹਥਿਆਰ ਨਾ ਬਣਾਉਣ ਤਾਂ ਉਹ ਮੂਜੀ ਸਮਝੇ ਜਾਣਗੇ। ਸ਼ਾਇਰੀ ਦੇ ਸੂਰਜ ਗੁਰੂ ਨਾਨਕ ਦੇਵ ਜੀ ਨੂੰ ਪੜ੍ਹੋ। ਉਨ੍ਹਾਂ ਦੀ ਬਾਬਰ ਬਾਣੀ ਇਹੀ ਸੰਦੇਸ਼ੜਾ ਦੇਦੀ ਹੈ।
ਸਾਡਾ ਗੁਰਭਜਨ ਗਿੱਲ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਉਂਦਾ ਰਿਹਾ। ਉਸ ਦੀਆਂ ਰਕਤ ਵਹਿਣੀਆਂ ਵਿੱਚ ਬਾਬੇ ਨਾਨਕ ਦਾ ਖੂਨ ਵਹਿੰਦਾ ਸੀ। ਇਸੇ ਲਈ ਉਸ ਕੋਲ ਰੰਗਦਾਰ ਸ਼ਾਇਰੀ ਦੀ ਥਾਂ ਉਸਦੇ ਸਾਹਮਣੇ ਪੰਜਾਬ ਦੀਆਂ ਹੋਣੀਆਂ ਸਨ। ਪੰਜਾਬ ਦੇ ਸੀਨੇ ਵਿਚ ਲੱਗੀਆਂ ਅੱਗਾਂ ਦਾ ਸੇਕ ਸੀ ਜਿਸ ਉੱਤੇ ਉਸਨੇ ਸ਼ਿਅਰਾਂ ਦੀ ਕਿਣਮਿਣੀ ਕਰਨੀ ਸੀ। ਮੁਹੱਬਤ ਦੇ ਮਸਲੇ ਉਸ ਨੇ ਦੁਜੈਲੀ ਥਾਂ ਕਰ ਦਿੱਤੇ ਅਤੇ ਪੰਜਾਬ ਦੇ ਮਸਲਿਆਂ ਨੂੰ ਪਹਿਲ ਦਿੱਤੀ। ਇਹੀ ਕਾਰਨ ਹੈ ਕਿ ਮੈਂ ਉਸਦੇ “ਅੱਖ਼ਰ ਅੱਖ਼ਰ” ਗ਼ਜ਼ਲ ਗੁੰਬਦ ਨੂੰ ਸੁਨਹਿਰੀ ਦਿੱਖ ਦੇਣ ਵਾਸਤੇ ਵਚਨਬੱਧ ਹਾਂ। ਇਹ ਉਲਾਰ ਬਿਰਤੀ ਨਹੀਂ,ਨਿਆਂ ਪ੍ਰਵਿਰਤੀ ਹੈ।
ਅੱਖ਼ਰ ਅੱਖ਼ਰ ਦੇ ਹਰ ਸ਼ਿਅਰ ਵਿਚੋਂ ਪੰਜਾਬ ਦਾ ਦਰਦ ਚੋਂਦਾ ਹੈ। ਪੰਜਾਬੀ ਘਰਾਂ ,ਪਰਵਾਸ ਕਾਰਨ ਬਜ਼ੁਰਗ਼ੀ ਦਾ ਪੁੱਤਰ ਧੀਆਂ ਪ੍ਰਤੀ ਉਦਰੇਵਾਂ ਸਿਰ ਚੜ੍ਹ ਬੋਲਦਾ ਹੈ।
ਪੂਰਨ ਪੁੱਤ ਪਰਦੇਸੀਂ ਜਦ ਵੀ ਕਰਨ ਕਮਾਈਆਂ ਤੁਰ ਜਾਂਦੇ ਨੇ ।
ਕੱਚੇ ਕੋਠੇ ਸਣੇ ਬਨੇਰੇ, ਭੁਰਦੇ ਭੁਰਦੇ ਭੁਰ ਜਾਂਦੇ ਨੇ ।
ਘਰ ਦਾ ਨਾਂ ਤਾਂ ‘ਰੈਣ ਬਸੇਰਾ’ ਰੱਖ ਲਿਆ ਸੀ ਵੇਖਾ ਵੇਖੀ,
ਯਾਦ ਨਹੀਂ ਸੀ ਸਗਲ ਮੁਸਾਫ਼ਿਰ, ਰਾਤਾਂ ਕੱਟ ਕੇ ਤੁਰ ਜਾਂਦੇ ਨੇ।
(ਅੱਖਰ ਅੱਖਰ ਪੰਨਾ- 321)
ਗੁਰਭਜਨ ਗਿੱਲ ਦੀ ਇਸ ਵੱਡ ਆਕਾਰੀ ਗ਼ਜ਼ਲ ਪੁਸਤਕ ਅੱਖਰ ਅੱਖਰ ਵਿੱਚ ਹਰੀ,ਨੀਲੀ ਤੇ ਚਿੱਟੀ ਕ੍ਰਾਂਤੀ ਵਿੱਚ ਛੁਪੀ ਕੰਗਾਲ ਵਿਵਸਥਾ , ਕਿਸਾਨ ਦੀ ਦੁਰਗਤੀ, ਕਿਸਾਨਾਂ ਤੇ ਬੇਰੁਜ਼ਗਾਰਾਂ ਦੀਆਂ ਆਤਮਹੱਤਿਆਵਾਂ, ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਮਨੋਵਿਗਿਆਨਿਕ ਵਿਡੰਬਨਾਵਾਂ, ਰਿਸ਼ਤਿਆਂ ਦਾ ਵਪਾਰੀਕਰਨ ਅਤੇ ਗੁੰਝਲਦਾਰ ਦੋਹਰੇ ਕਿਰਦਾਰ, ਖੰਡਿਤ ਅਸਤਿੱਤਵ, ਰਾਜ ਪ੍ਰਬੰਧ ਦਾ ਦੰਭੀ ਸਰੂਪ, ਪ੍ਰਗਤੀਸ਼ੀਲਤਾ ਵੇਚਦਿਆ ਦੇ ਪਿਛਾਂਹ ਖਿੱਚੂ ਅਮਲੀ ਕਿਰਦਾਰ, ਨਾਰੀ ਸਰੋਕਾਰ, ਸੰਘਰਸ਼,ਸਮਾਜਿਕ ਕਲਿਆਣ ਅਤੇ ਅਤਿ ਮੁਸ਼ਕਲ ਸਮਿਆਂ ਵਿੱਚ ਉਸ ਦੇ ਸ਼ਿਅਰ ਚਮਕਦੀਆਂ ਝਲਕਾਂ ਮਾਰਦੇ ਹਨ।
ਸਾਡੇ ਕੋਲ ਦੋ ਤਰ੍ਹਾਂ ਦੇ ਗ਼ਜ਼ਲਕਾਰ ਹਨ: ਇਹ ਤਾਂ ਉਹ ਹਨ ਜੋ ਸ਼ਿਅਰ ਸਿਰਜਣਾ ਨੂੰ ਐਸੀ ਅਵਸਥਾ ਉੱਤੇ ਲੈ ਜਾਂਦੇ ਹਨ ਜਿਥੇ ਅਕਲ ਅਤੇ ਸਮਝ ਭੰਬੂਤਾਰਿਆਂ ਵਾਂਗ ਉੱਡਦੇ ਪ੍ਰਤੀਤ ਹੁੰਦੇ ਹਨ। ਐਸੇ ਗ਼ਜ਼ਲਕਾਰ ਚਿੰਨ੍ਹ ਬਿੰਬ ਅਨੋਖੀ ਅਵਸਥਾ ਦੇ ਹੁੰਦੇ ਹਨ। ਇਨ੍ਹਾਂ ਦੇ ਸ਼ਿਅਰਾਂ ਦੀ ਸਰੋਕਾਰਤਾ ਸਮਾਜ ਜਾਂ ਮਾਨਵ ਹਿਤੈਸ਼ੀ ਨਹੀਂ ਰਹਿੰਦੀ। ਇੰਜ ਹੋਰ ਵੀ ਤਰ੍ਹਾਂ ਦਾ ਅਖੌਤੀ ਬੌਧਿਕ ਵਰਤਾਰਾ ਜੋ ਕਿ ਦੂਜੇ ਸ਼ਾਇਰਾਂ ਨੂੰ ਮੁਤਾਸਰ ਕਰਨ ਵਾਸਤੇ ਹੁੰਦਾ ਹੈ, ਸਿਰਜ ਲਿਆ ਜਾਂਦਾ ਹੈ।
ਪਰ ਦੂਜੀ ਤਰ੍ਹਾਂ ਦੇ ਸ਼ਾਇਰ ਗੁਰਭਜਨ ਵਰਗੀ ਭਾਵਨਾ ਦੇ ਲਖਾਇਕ ਹੁੰਦੇ ਹਨ। ਇਨ੍ਹਾਂ ਦੇ ਹਰ ਸ਼ਿਅਰ ਸਮਾਜਿਕ ਪ੍ਰਸਥਿਤੀਆਂ ਨੂੰ ਬਿਆਨ ਕਰਦੇ ਹਨ ਤੇ ਲੋਕ ਮਸਲਿਆਂ ਨੂੰ ਉਭਾਰਦੇ ਹਨ।
ਸਮਾਜਿਕ ਪੈੜਚਾਲ ਨੂੰ ਨਿਹਾਰਦੇ ਤੇ ਅਗਲੇ ਸਫ਼ਰ ਦੀਆਂ ਔਖੀਆਂ ਘਾਟੀਆਂ ਨੂੰ ਬਿਆਨਦੇ ਹਨ।
ਗੁਰਭਜਨ ਗਿੱਲ ਨੇ ਆਪਣੀ ਸ਼ਕਤੀ ਅਰੂਜ਼ ਨੂੰ ਲਾਗੂ ਕਰਨ ਉੱਤੇ ਨਹੀਂ ਖ਼ਰਚ ਕੀਤੀ ਜਿੰਨੀ ਆਮ ਫਹਿਮ ਲੋਕ ਸੁਰਤਾ ਨੂੰ ਨਾਲ ਲੈ ਕੇ ਲੋਕਤਾ ਨਾਲ ਜੁੜਨ ਵੱਲ ਮਿਹਨਤ ਕੀਤੀ ਹੈ। ਐਸਾ ਵੀ ਨਹੀਂ ਕਿ ਉਸ ਨੂੰ ਰਮਲ ਹਜ਼ਜ ਜਾਂ ਐਸੇ ਹੋਰ ਪ੍ਰਚਲਿਤ ਫਾਰਸੀ ਬਹਿਰਾਂ ਦੀ ਅਮਲਤਾ ਵਿੱਚ ਘਾਟ ਹੈ।
ਗੁਰਭਜਨ ਗਿੱਲ ਨੇ ਔਖੇ ਔਖੇ ਬਹਿਰਾਂ ਦਾ ਪ੍ਰਦਰਸ਼ਨ ਤੇ ਵਿਖਾਵਾ ਨਹੀਂ ਕੀਤਾ।
ਉਹ ਛੰਦ ਜਿਹੜੇ ਪੰਜਾਬੀਆਂ ਦੇ ਮਨ ਮਸਤਕ ਵਿੱਚ ਇਕਸੁਰ ਹੋਏ ਪਏ ਹਨ, ਉਹੀ ਵਰਤੇ ਹਨ। ਰੂਪਵਾਦੀ ਸ਼ਿਅਰਕਾਰ ਆਪਣੇ ਸ਼ਿਅਰਾਂ ਵਾਸਤੇ ਐਸੇ ਐਸੇ ਬਹਿਰ ਵਰਤਦੇ ਹਨ ਕਿ ਪੰਜਾਬੀ ਦਾ ਆਮ ਬੰਦਾ ਗੁੰਮ ਹੋ ਕੇ ਰਹਿ ਜਾਂਦਾ ਹੈ ਤੇ ਡਰ ਦਾ ਮਾਰਾ ਬੋਲਦਾ ਨਹੀਂ ਕਿਉਂਕਿ ਇਹ ਗਜ਼ਲ ਤਾਂ ਬੇਕਾਰਾਂ ਦਾ ਘੁੰਮਣਘੇਰ ਰੋਗ ਹੈ। ਇਹ ਰੋਗ ਗੁਰਭਜਨ ਗਿੱਲ ਦੇ ਕਲਾਮ ਵਿਚ ਵਿੱਚ ਨਹੀਂ।
ਗੁਰਭਜਨ ਦੇ “ਅੱਖ਼ਰ ਅੱਖ਼ਰ” ਗ਼ਜ਼ਲ ਸੰਗ੍ਰਹਿ ਦੀਆਂ 910 ਗ਼ਜ਼ਲਾਂ ਦਾ ਤਜ਼ਕਰਾ ਕਰਨਾ ਬਹੁਤ ਮੁਸ਼ਕਲ ਸੀ ਖਾਸ ਕਰ ਇਸ ਸੰਖੇਪ ਵਾਰਤਾ ਵਿਚ। ਇਹ ਕਿਤਾਬ ਡਬਲ ਕਾਲਮ ਤੇ ਵੱਡੇ ਆਕਾਰ ਵਿੱਚ ਪ੍ਰਿੰਟਵੈੱਲ ਅੰਮ੍ਰਿਤਸਰ ਤੋਂ ਬਹੁਤ ਖ਼ੂਸੂਰਤ ਛਪੀ ਹੈ।
ਪੁਸਤਕ ਦੇ ਆਦਿ ਵਿੱਚ ਕੋਈ ਮਿੱਖ ਬੰਦ ਜਾਂ ਲੇਖਕ ਵੱਲੋਂ ਕੋਈ ਟਿਪਣੀ ਨਹੀਂ ਸਗੋਂ ਪ੍ਰੋਃ ਰਵਿੰਦਰ ਭੱਠਲ ਤੇ ਬਲਵਿੰਦਰ ਸੰਧੂ ਵੱਲੋਂ ਲਿਖੇ ਦੋ ਕਾਵਿ ਚਿਤਰ ਹਨ ਜੋ ਲੇਖਕ ਦੀ ਸ਼ਖ਼ਸੀਅਤ ਤੇ ਸਿਰਜਣਾ ਬਾਰੇ ਭਰਵੀਂ ਜਾਣਕਾਰੀ ਦੇਂਦੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਛਪਵਾਈ ਇਸ ਪੁਸਤਕ ਦਾ ਵਿਤਰਣ ਸਿੰਘ ਬ੍ਰਦਰਜ ਅੰਮ੍ਰਿਤਸਰ ਕਰ ਰਿਹਾ ਹੈ।
🟩
ਸੁਲੱਖਣ ਸਿੰਘ ਸਰਹੱਦੀ
9417484337