ਚੰਡੀਗੜ੍ਹ 9 ਜੂਨ ( ਵਿਸ਼ਵ ਵਾਰਤਾ)-ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਅਸੀਂ ਸਰਕਾਰ ਦੇ ਕਹਿਣ ਤੇ ਹੀ ਵਰਤਾਉਣਾ ਹੈ ।ਇਹ ਕਿਹੋ ਜਿਹੇ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਰਹੇ ਹਨ ।ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਜਾਣ ,ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਪ੍ਰਗਟ ਕੀਤੇ ।
ਬੀਬੀ ਕਿਰਨਜੋਤ ਕੌਰ ਨੇ ਦੱਸਿਆ ਜਦੋਂ ਉਨ੍ਹਾਂ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਿਆਨ ਅਖ਼ਬਾਰ ਵਿੱਚ ਪੜ੍ਹਿਆ ਕੇ ਦੇਗ ਵਰਤਾਉਣ ਦੀ ਪਰਮਿਸ਼ਨ ਪ੍ਰਧਾਨ ਜੀ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਰਹੇ ਹਨ ਤਾਂ ਉਨ੍ਹਾਂ ਦਾ ਹਿਰਦਾ ਵਲੂੰਦਰਿਆ ਗਿਆ ,ਉਨ੍ਹਾਂ ਪ੍ਰਧਾਨ ਸਾਹਿਬ ਨੂੰ ਫੋਨ ਲਗਾਇਆ ,ਜਦੋਂ ਕੋਈ ਉੱਤਰ ਨਾ ਮਿਲਿਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰ ਸਿੱਖ ਸੰਗਤ ਦੀ ਕਚਹਿਰੀ ਵਿੱਚ ਰੱਖਣੇ ਚੰਗੇ ਸਮਝੇ । ਬੀਬੀ ਕਿਰਨਜੋਤ ਕੌਰ ਨੇ ਆਪਣੇ ਫੇਸਬੁੱਕ ਅਕਾਊਂਟ ਵਿੱਚ ਲਿਖਦਿਆਂ ਕਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਵਰਤਾਉਣ ਲਈ ਮੋਦੀ ਨੂੰ ਬੇਨਤੀ ਪੱਤਰ ਲਿਖ ਰਿਹਾ ਹੈ, ਕੋਈ ਅਣਖ ਕੋਈ ਸਿੱਖੀ ਦਾ ਬੀਜ ਰਹਿ ਗਿਆ ਹੈ ,ਅਕਾਲੀ ਮੰਤਰੀ ਬੈਠੀ ਹੈ ਮੋਦੀ ਸਰਕਾਰ ਵਿੱਚ, ਕਿਉਂ ਆਪਣੀ ਗੁਲਾਮ ਜ਼ਹਿਨੀਅਤ ਨਾਲ ਸਿੱਖ ਹਿਰਦੇ ਵਲੂੰਧਰ ਰਹੇ ਹੋ ।





















