ਪੇਂਡੂ ਖੇਤਰਾਂ ‘ਚ ਕੋਵਿਡ ਤੋਂ ਬਚਾਅ ਲਈ ਜਾਗਰੂਕਤਾ ਬੇਹੱਦ ਜ਼ਰੂਰੀ- ਚੰਦਰ ਗੈਂਦ
ਲੱਛਣ ਆਉਣ ‘ਤੇ ਟੈਸਟ ਕਰਵਾਓ, ਕੋਵਿਡ ਸਬੰਧੀ ਭਰਮਾਂ ‘ਚ ਨਾ ਪੈਣ ਲੋਕ-ਗੈਂਦ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਵੀਡੀਓ ਕਾਲ ਰਾਹੀਂ ਸੁਨੇਹਾ, ਕੋਵਿਡ ਮਨੁੱਖਤਾ ਦੀ ਲੜਾਈ ,ਹਰ ਨਾਗਰਿਕ ਸਰਕਾਰ ਦਾ ਦੇਵੇ ਸਾਥ
ਜ਼ਿਲ੍ਹਾ ਨਿਵਾਸੀ ਕੋਵਿਡ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ-ਕੁਮਾਰ ਅਮਿਤ
ਸਨੌਰ/ਪਟਿਆਲਾ, 20 ਮਈ (ਵਿਸ਼ਵ ਵਾਰਤਾ:ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਬੀਤੇ ਦਿਨੀਂ ਅਰੰਭ ਕੀਤੀ ਆਪਣੀ ‘ਪਿੰਡ ਬਚਾਓ ਮੁਹਿੰਮ’ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਅਸਰਪੁਰ ਅਤੇ ਬੋਲੜ ਕਲਾਂ ਦਾ ਦੌਰਾ ਕਰਕੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕੋਵਿਡ ਤੋਂ ਬਚਾਅ ਲਈ ਪਿੰਡ ਦੀ ਵੱਸੋਂ ਦਾ 100 ਫ਼ੀਸਦੀ ਟੀਕਾਕਰਣ ਕਰਵਾਏ ਜਾਣ ‘ਤੇ ਜੋਰ ਦਿੱਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਡੀ.ਐਮ ਪਟਿਆਲਾ ਸ.ਚਰਨਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਡਵੀਜ਼ਨਲ ਕਮਿਸ਼ਨਰ ਦੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨਾਲ ਪਿੰਡ ਵਾਸੀਆਂ ਦੀ ਵਰਚੂਅਲ ਗੱਲਬਾਤ ਕਰਵਾਈ। ਵੀਡੀਓ ਕਾਲ ਰਾਹੀਂ ਆਪਣਾ ਸੁਨੇਹਾ ਦਿੰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਜਿੱਥੇ ਪਿੰਡ ਵਾਸੀਆਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਲੜਾਈ ਮਨੁੱਖਤਾ ਨੂੰ ਬਚਾਉਣ ਦੀ ਲੜਾਈ ਹੈ, ਇਸ ‘ਚ ਹਰ ਨਾਗਰਿਕ ਪੰਜਾਬ ਸਰਕਾਰ ਦਾ ਸਾਥ ਦੇਵੇ।
ਸ੍ਰੀਮਤੀ ਪ੍ਰਨੀਤ ਕੌਰ ਨੇ ਪਿੰਡ ਅਸਰਪੁਰ ਦੇ ਸਰਪੰਚ ਪ੍ਰੇਮ ਸਿੰਘ ਅਤੇ ਪਿੰਡ ਬੋਲੜ ਦੇ ਮੋਹਤਬਰ ਰਣਦੀਪ ਰਾਣਾ ਨਾਲ ਗੱਲ ਕਰਕੇ ਪਿੰਡ ਵਾਸੀਆਂ ਦਾ ਹਾਲ ਚਾਲ ਜਾਣਦਿਆਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਮਹਾਂਮਾਰੀ ਦੌਰਾਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਨਿਰੰਤਰ ਯਤਨਸ਼ੀਲ ਹੈ।
ਇਸ ਤੋਂ ਪਹਿਲਾਂ ਸ੍ਰੀ ਚੰਦਰ ਗੈਂਦ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਪੇਂਡੂ ਮਿਸ਼ਨ ਫ਼ਤਹਿ ਮੁਹਿੰਮ ਵਿੱਢਦਿਆਂ ਹਰ ਉਸ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿੱਥੇ 100 ਫੀਸਦੀ ਕੋਵਿਡ ਵੈਕਸੀਨੇਸ਼ਨ ਲੱਗੀ ਹੋਵੇ।ਉਨ੍ਹਾਂ ਕਿਹਾ ਕਿ ਅਜਿਹੀਆਂ ਪੰਚਾਇਤਾਂ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਸਰਪੰਚ ਵੱਲੋਂ ਕੋਵਿਡ ਤੋਂ ਬਚਾਅ ਲਈ 5000 ਰੁਪਏ ਤੋਂ 50 ਹਜਾਰ ਰੁਪਏ ਤੱਕ ਖ਼ਰਚਾ ਕਰਨ ਦੀ ਪ੍ਰਵਾਨਗੀ ਬਾਰੇ ਵੀ ਦੱਸਿਆ।
ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣਾ, ਹੱਥ ਧੋਣੇ ਤੇ ਸੈਨੇਟਾਈਜ ਕਰਨੇ ਅਤੇ ਸਮਾਜਿਕ ਦੂਰੀ ਰੱਖਣੀ ਜਰੂਰੀ ਹਥਿਆਰ ਹਨ, ਇਸ ਤੋਂ ਬਿਨ੍ਹਾਂ ਕੋਵਿਡ ਦੇ ਟੈਸਟਾਂ ਪ੍ਰਤੀ ਕਿਸੇ ਪ੍ਰਕਾਰ ਦੇ ਭਰਮ ‘ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਕੋਵਿਡ ਪੀੜਤਾਂ ਨੂੰ ਕੇਵਲ ਗੰਭੀਰ ਹੋਣ ‘ਤੇ ਹੀ ਇਲਾਜ ਲਈ ਹਸਪਤਾਲ ਜਾਣ ਦੀ ਲੋੜ ਪੈਂਦੀ ਹੈ, ਘੱਟ ਲੱਛਣਾਂ ਵਾਲੇ ਨੂੰ ਸਰਕਾਰ ਵੱਲੋਂ ਫ਼ਤਹਿ ਕਿਟ ਮੁਹੱਈਆ ਕਰਵਾਕੇ ਘਰੇਲੂ ਇਕਾਂਤਵਾਸ ‘ਚ ਹੀ ਇਲਾਜ ਸਹੂਲਤ ਦਿੱਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਾਡੀ ਛੋਟੀ ਜਿਹੀ ਕੁਤਾਹੀ ਹੀ ਸਾਡੇ ਲਈ ਭਾਰੀ ਪੈ ਸਕਦੀ ਹੈ, ਕੋਵਿਡ ਦੀ ਇਸ ਲਹਿਰ ‘ਚ ਮੌਤਾਂ ਬਹੁਤ ਜਲਦ ਹੋ ਰਹੀਆਂ ਹਨ, ਜਿਸ ਲਈ ਪਿੰਡ ਵਾਸੀ ਆਪਣੇ ਪਿੰਡਾਂ ਦੀ ਰਾਖੀ ਖ਼ੁਦ ਕਰਨ ਅਤੇ ਖਾਸ ਕਰਕੇ ਆਪਣੇ ਬੱਚਿਆਂ ਦਾ ਜਰੂਰ ਧਿਆਨ ਰੱਖਿਆ ਜਾਵੇ। ਗ਼ੈਰਜਰੂਰੀ ਆਵਾਜਾਈ ਬੰਦ ਕਰਨ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਯਕੀਨੀ ਬਣਾਈ ਜਾਵੇ।
ਸਨੌਰ ਹਲਕੇ ਦੇ ਇਨ੍ਹਾਂ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਪਿੰਡਾਂ ਵਿੱਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨਗੇ।ਇਸ ਮੌਕੇ ਬੀ.ਡੀ.ਪੀ.ਓ. ਧਰਮਪਾਲ ਸ਼ਰਮਾ ਅਤੇ ਇਨ੍ਹਾਂ ਪਿੰਡਾਂ ਦੇ ਪਤਵੰਤੇ ਮੌਜੂਦ ਸਨ।