ਪੂਰੇ ਜ਼ੋਰ-ਸ਼ੋਰ ਨਾਲ ਆਏ ਮੀਂਹ ਤੇ ਝੱਖੜ ਨੇ ਫਿਕਰਮੰਦ ਕੀਤਾ ਅੰਨਦਾਤਾ

ਜਲੰਧਰ ,17 ਅਪ੍ਰੈਲ (ਵਿਸ਼ਵ ਵਾਰਤਾ/ਅਸ਼ਵਨੀ ਠਾਕੁਰ) —ਸੂਬੇ ‘ਚ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਵਾਢੀ ਦੌਰਾਨ ਆਏ ਝੱਖੜ ਤੇ ਮੀਂਹ ਨੇ ਅੰਨਦਾਤਾ ਫਿਕਰ ‘ਚ ਪਾ ਦਿੱਤਾ ਹੈ। ਪਹਿਲਾਂ ਹੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਜੂਝ ਰਹੇ ਕਿਸਾਨਾਂ ਨੂੰ ਮੌਸਮ ਦੀ ਮਾਰ ਪੈ ਗਈ। ਖੇਤਾਂ ‘ਚ ਪੱਕੀ ਖੜ੍ਹੀ ਕਣਕ ਦੀ ਫਸਲ ਤੇ ਮੰਡੀਆਂ ‘ਚ ਵੇਚਣ ਲਈ ਲਿਆਂਦੀ ਕਣਕ ਮੀਂਹ ਕਾਰਨ ਭਿੱਜਣ ਨਾਲ ਕਿਸਾਨਾਂ ਨੂੰ ਆਪਣੀ ਹੱਡਭੰਨਵੀਂ ਮਿਹਨਤ ਉਪਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਬਾਅਦ ਦੁਪਹਿਰ ਆਏ ਧੂੜ ਭਰੇ ਝੱਖੜ ਤੇ ਮੀਂਹ ਕਾਰਨ ਕਈ ਥਾਵਾਂ ‘ਤੇ ਕਣਕ ਨੂੰ ਨੁਕਸਾਨ ਪੁੱਜਾ ਹੈ। ਤੇਜ਼ ਹਨ੍ਹੇਰੀ ਕਾਰਨ ਕਣਕ ਖੇਤਾਂ ‘ਚ ਡਿੱਗ ਗਈ। ਖੇਤੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਹਨ੍ਹੇਰੀ ਤੇ ਮੀਂਹ ਕਾਰਨ ਵਾਢੀ ਪੱਛੜ ਜਾਵੇਗੀ ਕਿਉਂਕਿ ਖੇਤ ਗਿੱਲੇ ਹੋਣ ਨਾਲ ਆਉਣ ਵਾਲੇ ਦੋ ਤਿੰਨ ਦਿਨਾਂ ਤਕ ਕੰਬਾਈਨ ਨਾਲ ਕਟਾਈ ਕਰਨਾ ਸੰਭਵ ਨਹੀਂ ਹੈ।






















