
ਮਾਨਸਾ 17 ਮਈ ( ਵਿਸ਼ਵ ਵਾਰਤਾ)- ਬੁਢੇਪਾ , ਵਿਧਵਾ, ਅੰਗਹੀਣ ਅਤੇ ਅਨਾਥ ਬੱਚੇ ਘਰ ਬੈਠੇ ਬਠਾਏ ਲਗਾਤਾਰ ਮਿਲ ਰਹੀ ਪੈਨਸ਼ਨ ਤੋਂ ਬਾਗੋ ਬਾਗ ਹਨ, ਪੁਲੀਸ ਦੇ ਉਪਰਾਲੇ ਨਾਲ ਬੈਂਕ ਕਰਮਚਾਰੀਆਂ ਨੇ ਮਾਰਚ ਮਹੀਨੇ ਤੋਂ ਬਾਅਦ ਅਪ੍ਰੈਲ ਮਹੀਨੇ ਦੀ ਪੈਨਸ਼ਨ ਦਾ ਕੰਮ ਸਿਰਫ ਛੇ ਦਿਨਾਂ ਚ ਹੀ ਨਿਪਟਾ ਦਿੱਤਾ। ਇਹ ਧਿਰਾਂ ਹੋ ਸਕਦਾ ਪਹਿਲਾ ਅੰਦਾਜ਼ੇ ਲਾਉਂਦੀਆਂ ਹੋਣ ਕਿ ਇਕ ਮਹੀਨੇ ਦੀ ਪੈਨਸ਼ਨ ਕੋਈ ਨੰਬਰਾਂ ਦੀ ਖੇਡ ਹੋਵੇ,ਪਰ ਪੁਲੀਸ ਨੇ ਇਸ ਔਖੀ ਘੜੀ ਦੌਰਾਨ ਅਪਣੀ ਕਨੂੰਨ ਵਿਵਸਥਾ ਦੀ ਡਿਊਟੀ ਨਿਭਾਉਣ ਦੇ ਨਾਲ ਇਨਸਾਨੀ ਫ਼ਰਜਾਂ ਦੀ ਭੂਮਿਕਾ ਵਿੱਚ ਵੀ ਕੋਈ ਕੱਚ ਨੀ ਰਹਿਣ ਦਿੱਤੀ ਸਗੋਂ 90,800 ਤੋਂ ਵੱਧ ਪੈਨਸ਼ਨ ਧਾਰਕਾਂ ਨੂੰ 6 ਦਿਨ ਦੇ ਰਿਕਾਰਡ ਸਮੇਂ ਵਿੱਚ ਪੈਨਸ਼ਨ ਪੁੱਜਦੀ ਕਰ ਦਿੱਤੀ।
ਸੀਨੀਅਰ ਕਪਤਾਨ ਪੁਲੀਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਰਫਿਊ ਦੌਰਾਨ ਉਪਰੋਕਤ ਪੈਨਸ਼ਨ ਧਾਰਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਵੇਂ ਕਿ ਕਰਫਿਊ ਕਾਰਨ ਪਬਲਿਕ ਟਰਾਂਸਪੋਰਟ ਦਾ ਉਪਲਬਧ ਨਾ ਹੋਣਾ, ਬੈਂਕਾਂ ਦੇ ਅੱਗੇ ਭੀੜ ਅਤੇ ਲੰਬੀਆਂ ਕਤਾਰਾਂ ਲੱਗਣੀਆਂ, ਤਪਦੀ ਗਰਮੀ ਅਤੇ ਕੋਵਿਡ—19 ਜਿਹੀ ਮਹਾਂਮਾਰੀ ਦਾ ਪ੍ਰਕੋਪ ਫੈਲਣ ਦੇ ਡਰ ਜਿਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਜਿਲ੍ਹਾ ਪੁਲੀਸ ਮਾਨਸਾ ਵੱਲੋਂ ਇੰਨ੍ਹਾਂ ਲਾਭਪਾਤਰੀਆਂ ਦੀਆਂ ਬਕਾਇਆ ਪਈਆਂ ਪੈਨਸ਼ਨਾਂ ਵੀਪੀਓਜ਼ ਅਤੇ ਬੈਂਕ ਬੀਸੀਜ਼ ਰਾਹੀਂ ਤਕਸੀਮ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ 20 ਅਪ੍ਰੈਲ 2020 ਨੂੰ ਇੰਨ੍ਹਾਂ ਪੈਨਸ਼ਨ ਧਾਰਕਾਂ ਦੀਆਂ ਲੰਬਿਤ ਪਈਆਂ ਪੈਨਸ਼ਨਾਂ ਉਨ੍ਹਾਂ ਦੇ ਪਿੰਡਾਂ/ਵਾਰਡਾਂ/ਘਰਾਂ ਵਿੱਚ ਤਕਸੀਮ ਕਰਨ ਦੀ ਸ਼ੁਰੂਆਤ ਕੀਤੀ ਗਈ ਅਤੇ 30 ਅਪ੍ਰੈਲ ਤੱਕ ਤਕਰੀਬਨ ਇਹ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਸੀ। ਮਾਨਸਾ ਪੁਲੀਸ ਦੇ ਇਸ ਕਾਰਜ ਦੀ ਸਮੂਹ ਪੈਨਸ਼ਨ ਧਾਰਕਾਂ ਵੱਲੋਂ ਸਰਾਹਨਾ ਕੀਤੀ ਗਈ ਜਿਸ ਕਰਕੇ ਇੰਨ੍ਹਾਂ ਵਰਗਾਂ ਦੀ ਸਹੂਲਤ ਲਈ ਮਹੀਨਾ ਅਪ੍ਰੈਲ 2020 ਦੀ ਪੈਨਸ਼ਨ ਜੋ ਬੈਂਕਾਂ ਵਿੱਚ 8 ਮਈ ਨੂੰ ਪਹੁੰਚੀ ਸੀ ਵੀ ਪੁਲੀਸ ਵੀਪੀਓਜ਼ ਅਤੇ ਬੈਂਕ ਬੀਸੀਜ਼ ਰਾਹੀਂ ਤਕਸੀਮ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਫਲਸਰੂਪ 326 ਵੀਪੀਓਜ਼ ਵੱਲੋਂ ਬੈਂਕਾਂ ਦੇ ਬੀਸੀਜ਼ ਦੇ ਸਹਿਯੋਗ ਨਾਲ ਇਸ ਸਬੰਧੀ ਡਾਟਾ ਤਿਆਰ ਕੀਤਾ ਗਿਆ ਅਤੇ 11 ਮਈ ਨੂੰ ਪੈਨਸ਼ਨਾਂ ਤਕਸੀਮ ਕਰਨ ਦਾ ਕੰਮ ਆਰੰਭ ਕੀਤਾ ਗਿਆ। ਇਹ ਕਾਫੀ ਮੁਸ਼ਕਿਲ ਕੰਮ ਸੀ ਪਰ ਸਮੂਹ ਸਟਾਫ ਵੱਲੋਂ ਸਖਤ ਮਿਹਨਤ ਕਰਦੇ ਹੋਏ ਇਹ ਕੰਮ ਮਹਿਜ਼ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਕੁੱਲ 90,804 ਪੈਨਸ਼ਨ ਧਾਰਕਾਂ, ਜਿੰਨ੍ਹਾਂ ਵਿੱਚ 16,103 ਵਿਧਵਾ ਪੈਨਸ਼ਨਰਜ਼, 9,121 ਅੰਗਹੀਣ ਪੈਨਸ਼ਨਰਜ਼, 61,658 ਬੁਢਾਪਾ ਪੈਨਸ਼ਨਰਜ਼ ਅਤੇ 3,922 ਅਨਾਥ ਬੱਚੇ ਪੈਨਸ਼ਨਰਜ਼ ਸ਼ਾਮਲ ਹਨ, ਨੂੰ ਪੈਨਸ਼ਨ ਵੰਡੀ ਗਈ ਹੈ। ਇੰਨ੍ਹਾਂ ਪੈਨਸ਼ਨਰਜ਼ ਵਿੱਚ 15,892 ਸ਼ਹਿਰੀ ਖੇਤਰ ਅਤੇ 74,912 ਪੇਂਡੂ ਖੇਤਰ ਵਿੱਚ ਰਹਿਣ ਵਾਲੇ ਪੈਨਸ਼ਨਰਜ਼ ਸ਼ਾਮਲ ਹਨ।
ਡਾ. ਭਾਰਗਵ ਨੇ ਦੱਸਿਆ ਕਿ ਇਹ ਸਚਮੁੱਚ ਬਹੁਤ ਹੀ ਮਿਹਨਤ ਵਾਲਾ ਕੰਮ ਸੀ ਜਿਸ ਨੂੰ ਸਮੂਹ ਵੀਪੀਓਜ਼ ਅਤੇ ਬੀਸੀਜ਼ ਦੀ ਸਖਤ ਮਿਹਨਤ ਸਦਕਾ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਨਾ ਨਿਸਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟਾਫ ਦੇ ਇਸ ਪ੍ਰਸ਼ੰਸਾਯੋਗ ਕੰਮ ਸਦਕਾ ਜਿਲ੍ਹਾ ਪੁਲੀਸ ਵੱਲੋਂ ਜਿਲ੍ਹਾ ਲੀਡ ਬੈਂਕ ਮੈਨੇਜਰ ਸਮੇਤ ਸਮੂਹ ਸਟਾਫ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਆ ਗਿਆ ਹੈ।





















