ਪਾਣੀ ਤੋਂ ਬਾਅਦ ਹੁਣ ਦਿੱਲੀ ‘ਚ ਬਿਜਲੀ ਦਾ ਸੰਕਟ, ਆਤਿਸ਼ੀ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ
ਦਿੱਲੀ ,12 ਜੂਨ (ਵਿਸ਼ਵ ਵਾਰਤਾ) ਦਿੱਲੀ ਵਿੱਚ ਕੜਾਕੇ ਦੀ ਗਰਮੀ ਵਿੱਚ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਦਿੱਲੀ ਵਾਸੀ ਹੁਣ ਇੱਕ ਨਵੇਂ ਸੰਕਟ ਵਿੱਚ ਘਿਰ ਗਏ ਹਨ। ਦਿੱਲੀ ਦੇ ਕਈ ਇਲਾਕਿਆਂ ‘ਚ ਬਿਜਲੀ ਕੱਟ ਰਹੀ। ਇਹ ਸਮੱਸਿਆ ਉਸ ਸਮੇਂ ਹੋਰ ਵਧ ਗਈ ਜਦੋਂ ਕੁਝ ਇਲਾਕਿਆਂ ਵਿੱਚ ਪਾਵਰ ਗਰਿੱਡ ਫੇਲ ਹੋਣ ਕਾਰਨ ਬਿਜਲੀ ਬੰਦ ਹੋ ਗਈ। ਇਸ ਤੋਂ ਬਾਅਦ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਇਆ ਹੈ। ਇਹ ਜਾਣਕਾਰੀ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਖੁਦ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਯੂਪੀ ਦੇ ਮੰਡੋਲਾ ਵਿੱਚ ਪੀਜੀਸੀਆਈਐਲ ਦੇ ਇੱਕ ਸਬ ਸਟੇਸ਼ਨ ਵਿੱਚ ਅੱਗ ਲੱਗ ਗਈ। ਦਿੱਲੀ ਨੂੰ ਇਸ ਸਬ-ਸਟੇਸ਼ਨ ਤੋਂ 1500 ਮੈਗਾਵਾਟ ਬਿਜਲੀ ਮਿਲਦੀ ਹੈ। ਮੰਡੋਲਾ ਸਬ-ਸਟੇਸ਼ਨ ‘ਚ ਅੱਗ ਲੱਗਣ ਕਾਰਨ ਦਿੱਲੀ ਦੇ ਕਈ ਹਿੱਸਿਆਂ ‘ਚ ਬਿਜਲੀ ਕੱਟ ਲੱਗ ਗਏ। ਕੜਾਕੇ ਦੀ ਗਰਮੀ ਵਿੱਚ ਅਚਾਨਕ ਬਿਜਲੀ ਦੇ ਕੱਟ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ, ਉਥੇ ਹੀ ਦਿੱਲੀ ਸਰਕਾਰ ਇਸ ਲਈ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਆਤਿਸ਼ੀ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਇਆ ਹੈ।























