ਸੀਨੀਅਰ ਸੀਟੀਜਨ ਤੇ ਔਰਤਾਂ ਅਲਾਟੀਆਂ ਲਈ ਨਾ-ਉਸਾਰੀ ਫ਼ੀਸ 1 ਅਪ੍ਰੈਲ 2020 ਤੋਂ ਹੋਵੇਗੀ ਲਾਗੂ
ਪਲਾਟਾਂ ਨਾਲ ਲਗਦੇ ਵਾਧੂ ਰਕਬੇ ਦੀ ਅਲਾਟਮੈਂਟ ਹੋਵੇਗੀ ਰਿਆਇਤੀ ਦਰਾਂ ‘ਤੇ
ਨਗਰ ਸੁਧਾਰ ਟਰੱਸਟ ਰਾਹੀਂ ਕਰਵਾਏ ਜਾ ਰਹੇ ਵਿਕਾਸ ਕਾਰਜ 70 ਫ਼ੀਸਦੀ ਹੋਏ ਮੁਕੰਮਲ
5 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਮੁੱਖ ਬਜ਼ਾਰਾਂ ਦਾ ਹੋਵੇਗਾ ਨਵੀਨੀਕਰਨ
ਬਠਿੰਡਾ, 16 ਜੂਨ (ਕੁਲਬੀਰ ਬੀਰਾ )-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਮੀਡੀਆ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਵਲੋਂ ਬਠਿੰਡਾ ਟਰੱਸਟ ਦੇ ਅਲਾਟੀਆਂ ਤੇ ਪ੍ਰਾਪਰਟੀ ਮਾਲਕਾਂ ਲਈ ਵਿਸ਼ੇਸ਼ ਰਿਆਇਤੀ ਦਰਾਂ ਦਾ ਐਲਾਨ ਕੀਤਾ ਹੈ। ਦਿੱਤੀਆਂ ਗਈਆਂ ਰਿਆਇਤਾਂ ਤਹਿਤ ਪਲਾਟਾਂ ਤੇ ਪ੍ਰਾਪਰਟੀ ਦੀ ਬਕਾਇਆ ਨਾ-ਉਸਾਰੀ ਫ਼ੀਸ ‘ਤੇ ਪੂਰਨ ਵਿਆਜ ਮੁਆਫ਼ੀ ਹੋਵੇਗੀ। ਇਸ ਦੇ ਨਾਲ ਹੀ ਔਰਤ ਤੇ ਸੀਨੀਅਰ ਸੀਟੀਜਨ ਅਲਾਟੀਆਂ ਨੂੰ ਨਾ-ਉਸਾਰੀ ਫ਼ੀਸ ਵਿਚ 50 ਫ਼ੀਸਦੀ ਛੋਟ ਦਿੱਤੀ ਜਾਵੇਗੀ। ਇਹ ਛੋਟ 1 ਅਪ੍ਰੈਲ 2020 ਤੋਂ ਲਾਗੂ ਹੋਵੇਗੀ। ਉਨਾਂ ਸਬੰਧਤ ਲੋਕਾਂ ਨੂੰ ਇਨਾਂ ਰਿਆਇਤਾਂ ਦਾ ਜਲਦ ਤੋਂ ਜਲਦ ਲਾਹਾ ਲੈਣ ਦੀ ਅਪੀਲ ਵੀ ਕੀਤੀ।
ਸ਼੍ਰੀ ਕੇ.ਕੇ. ਅਗਰਵਾਲ ਨੇ ਪੱਤਰਕਾਰ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਗਰ ਸੁਧਾਰ ਟਰੱਸਟ ਰਾਹੀਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜੋ ਕਿ 70 ਫ਼ੀਸਦੀ ਮੁਕੰਮਲ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਬਾਕੀ ਰਹਿੰਦੇ ਵਿਕਾਸ ਕੰਮ ਵੀ ਜਲਦ ਮੁਕੰਮਲ ਕਰਵਾ ਲਏ ਜਾਣਗੇ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਵਿੱਤ ਮੰਤਰੀ ਸ. ਬਾਦਲ ਦੇ ਉਦਮਾਂ ਸਦਕਾ ਤਕਰੀਬਨ 5 ਕਰੋੜ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਦੇ ਮੁੱਖ ਬਜ਼ਾਰਾਂ ਜਿਵੇਂ ਕਿ ਧੋਬੀ ਬਜ਼ਾਰ, ਪੋਸਟ ਆਫ਼ਿਸ ਬਜ਼ਾਰ, ਹਸਪਤਾਲ ਬਜ਼ਾਰ, ਬੈਂਕ ਬਜ਼ਾਰ, ਕਿੱਕਰ ਬਜ਼ਾਰ ਅਤੇ ਹੋਰ ਪ੍ਰਮੁੱਖ ਬਜ਼ਾਰਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਨਵੀਨੀਕਰਨ ਦੇ ਪਹਿਲੇ ਫ਼ੇਜ਼ ਵਿਚ ਧੋਬੀ ਬਜ਼ਾਰ ਅਤੇ ਪੋਸਟ ਆਫ਼ਿਸ ਬਜ਼ਾਰ ਲਈ 87.68 ਲੱਖ ਦੇ ਟੈਂਡਰ ਵੀ ਲੱਗ ਚੁੱਕੇ ਹਨ। ਉਨਾਂ ਇਹ ਵੀ ਦੱਸਿਆ ਕਿ ਇਨਾਂ ਸਾਰੇ ਬਜ਼ਾਰਾਂ ਦੇ ਫੁੱਟਪਾਥਾਂ ‘ਤੇ ਰੈੱਡ ਸਟੋਨ ਲਗਾ ਕੇ ਸੜਕਾਂ ਦਾ ਨਵੀਨੀਕਰਨ ਅਤੇ ਬਿਜਲੀ ਆਦਿ ਦੇ ਕੰਮ ਕਰਵਾਏ ਜਾਣੇ ਹਨ।
ਸ਼੍ਰੀ ਅਗਰਵਾਲ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਜਲਦ ਹੀ ਟਰੱਸਟ ਵਲੋਂ ਪਟੇਲ ਨਗਰ ਵਿੱਚ 10 ਏਕੜ ਰਕਬੇ ਵਿੱਚ 65 ਕਰੋੜ ਦੀ ਲਾਗਤ ਨਾਲ ਏ.ਸੀ. ਬੱਸ ਸਟੈਂਡ ਅਤੇ ਇਸ ਦੇ ਨਾਲ ਹੀ ਸੱਤ ਏਕੜ ਰਕਬੇ ਨੂੰ ਵਪਾਰਕ ਏਰੀਏ ਦੇ ਤੌਰ ‘ਤੇ ਵਿਕਸਤ ਕੀਤਾ ਜਾ ਰਿਹਾ ਹੈ। ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਠਿੰਡਾ ਸ਼ਹਿਰ ਦੇ ਮਾਲ ਰੋਡ ‘ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ 10 ਕਰੋੜ ਦੀ ਲਾਗਤ ਨਾਲ ਨਵੀਂ ਵਿਸ਼ਵ ਪੱਧਰੀ ਇਮਾਰਤ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਸਕੂਲ ਦੇ ਸਹਾਮਣੇ ਹੀ ਇੱਕ ਸੱਤ ਮੰਜ਼ਲੀ ਵਹੀਕਲਾਂ ਲਈ ਪਾਰਕਿੰਗ ਵੀ ਤਿਆਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਸ. ਗੁਰਰਾਜ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਸ਼੍ਰੀਮਤੀ ਨੀਰੂ ਬਾਲਾ ਵੀ ਮੌਜੂਦ ਰਹੇ।