ਮਨੋਵਿਗਿਆਨੀ, ਡਾਕਟਰ, ਸਮਾਜ ਸ਼ਾਸਤਰੀ ਅਤੇ ਕਾਨੂੰਨੀ ਮਾਹਿਰਾਂ ਤੇ ਅਧਾਰਿਤ ਪੈਨਲ ਮਾਮਲਿਆਂ ਨੂੰ ਨਿਪਟਾਉਣ ਦੇ ਯਤਨਾਂ ਚ
ਪਟਿਆਲਾ, 27 ਦਸੰਬਰ (ਵਿਸ਼ਵ ਵਾਰਤਾ)-ਮਹਿਲਾਵਾਂ ਅਤੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਅਤੇ ਪਰਿਵਾਰਿਕ/ ਵਿਵਾਹਿਕ ਝਗੜਿਆਂ ਨੂੰ ਸੁਲਝਾਉਣ ਲਈ ਪਟਿਆਲਾ ਪੁਲਿਸ ਦੀ ਪਹਿਲ ਕਦਮੀ ਤੇ ਸਥਾਪਿਤ ‘ਸਪੋਰਟ ਸੈਂਟਰ ਫਾਰ ਵੂਮੈਨ ਐਂਡ ਚਾਈਲਡ ਪਟਿਆਲਾ’ ਵੱਲੋਂ ਹੁਣ ਤੱਕ 25 ਮਾਮਲੇ ਵਿਚਾਰੇ ਗਏ ਹਨ।
ਐਸ ਪੀ ( ਪੀ ਬੀ ਆਈ) ਡਾ. ਸਿਮਰਤ ਕੌਰ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਚ ਕਾਇਮ ਕੀਤੇ ਗਏ ਇਸ ਸਹਾਇਤਾ ਕੇਂਦਰ ਚ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਪ੍ਰਮੁੱਖ ਖੇਤਰਾਂ ਦੇ ਮਾਹਿਰ ਜਿਵੇਂ ਕਿ ਮਨੋਵਿਗਿਆਨੀ, ਡਾਕਟਰ, ਸਮਾਜ ਸ਼ਾਸਤਰੀ ਅਤੇ ਕਾਨੂੰਨੀ ਮਾਹਿਰਾਂ ਦੇ ਤਿੰਨ ਪੈਨਲ ਬਣਾਏ ਗਏ ਸਨ। ਇਨ੍ਹਾਂ ਪੈਨਲਾਂ ਵੱਲੋਂ ਹਫਤੇ ਵਿੱਚ ਤਿੰਨ ਦਿਨ ਪਰਿਵਾਰਿਕ/ ਵਿਵਾਹਿਕ ਮਸਲਿਆਂ ਨੂੰ ਸੁਲਝਾਉਣ ਲਈ ਕਾਉਂਸਲਿੰਗ ਕੀਤੀ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਇਨ੍ਹਾਂ ਵੱਲੋਂ 25 ਦਰਖਾਸਤਾਂ ਦੇ ਸੰਬੰਧ ਵਿੱਚ ਦੋਹਾਂ ਧਿਰਾਂ ਨੂੰ ਬੁਲਾ ਕੇ ਕਾਉਂਸਲਿੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪੰਜ ਦਰਖਾਸਤਾਂ ਵਿੱਚ ਦੋਹਾਂ ਧਿਰਾਂ ਦਾ ਆਪਸ ਵਿੱਚ ਰਾਜੀਨਾਮਾ ਹੋ ਚੁੱਕਾ ਹੈ ਅਤੇ 20 ਮਾਮਲਿਆਂ ਵਿੱਚ ਕਾਉਂਸਲਿੰਗ ਲਈ ਦੁਬਾਰਾ ਤੋਂ ਸਮਾਂ ਦਿੱਤਾ ਗਿਆ ਹੈ ਤਾਂ ਜੋ ਦੋਨਾਂ ਧਿਰਾਂ ਦੇ ਆਪਸੀ ਗਿਲੇ ਸ਼ਿਕਵੇ ਦੂਰ ਹੋ ਸਕਣ ਅਤੇ ਵੱਧ ਤੋਂ ਵੱਧ ਪਰਿਵਾਰਿਕ ਮਸਲੇ ਸੁਲਝਾਏ ਜਾ ਸਕਣ।
ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਔਰਤ,ਬੱਚੇ ਜਾਂ ਕਿਸੇ ਵੀ ਨਾਗਰਿਕ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਤਾਂ ਉਹ ਕਿਸੇ ਵੀ ਸਮੇਂ ਹੈਲਪ ਲਾਈਨ ਨੰਬਰ 112,1091 ਅਤੇ 95929-17910 ਤੇ ਫੋਨ ਕਰਕੇ ਪੁਲਿਸ ਸਹਾਇਤਾ ਲੈ ਸਕਦੇ ਹਨ।