ਨੂਰਪੁਰ ਲੁਬਾਣਾ ਤੇ ਸੰਗੋਜਲਾ ਪਿੰਡਾਂ ਨੂੰ ਮਿਲੇ ਕੇਂਦਰੀ ਪੁਰਸਕਾਰ-ਪ੍ਰਧਾਨ ਮੰਤਰੀ ਵਲੋਂ ਵਰਚੁਅਲ ਸਮਾਗਮ ਵਿਚ ਕੀਤੇ ਗਏ ਭੇਟ
ਡਿਪਟੀ ਕਮਿਸ਼ਨਰ ਵਲੋਂ ਪੰਚਾਇਤਾਂ ਦਾ ਸਨਮਾਨ
ਸਨਮਾਨ ਰਾਸ਼ੀ ਦੀ ਪਹਿਲੀ ਕਿਸ਼ਤ ਪੰਚਾਇਤਾਂ ਦੇ
ਬੈਂਕ ਖਾਤਿਆਂ ਵਿਚ ਪੁੱਜੀ

ਕਪੂਰਥਲਾ, 24 ਅਪ੍ਰੈਲ ( ਵਿਸ਼ਵ ਵਾਰਤਾ ) ਕਪੂਰਥਲਾ ਜਿਲ੍ਹੇ ਲਈ ਅੱਜ ਉਹ ਪਲ ਬੜੇ ਮਾਣ ਵਾਲੇ ਸਨ ਜਦ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਵਰਚੁਅਲ ਸਮਾਗਮ ਦੌਰਾਨ ਨੂਰਪੁਰ ਲੁਬਾਣਾ ਤੇ ਸੰਗੋਜਲਾ ਪਿੰਡਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰੀ ਪੁਰਸਕਾਰਾਂ ਨਾਲ ਨਵਾਜਿਆ ਗਿਆ। ਵੈਸੇ ਹਰ ਸਾਲ ਇਹ ਐਵਾਰਡ ਪ੍ਰਧਾਨ ਮੰਤਰੀ ਵਲੋਂ ਨਿੱਜੀ ਤੌਰ ’ਤੇ ਪੰਚਾਇਤਾਂ ਨੂੰ ਦਿੱਤੇ ਜਾਂਦੇ ਹਨ ਪਰ ਇਸ ਵਾਰ ਕਰੋਨਾ ਕਾਰਨ ਹੋਏ ਵਰਚੁਅਲ ਸਮਾਗਮ ਰਾਹੀਂ ਇਹ ਐਵਾਰਡ ਦਿੱਤੇ ਗਏ।
ਦੱਸਣਯੋਗ ਹੈ ਕਿ ਕਪੂਰਥਲਾ ਦੇ ਬਲਾਕ ਢਿਲਵਾਂ ਦੇ ਪਿੰਡ ਸੰਗੋਜਲਾ ਦੀ ਪੰਚਾਇਤ ਨੂੰ ‘ਦੀਨ ਦਇਆਲ ਉਪਾਧਿਆਇ ਪੰਚਾਇਤ ਸ਼ਸ਼ਕਤੀਕਰਨ ਪੁਰਸਕਾਰ ਤੇ ਢਿਲਵਾਂ ਦੀ ਹੀ ਪੰਚਾਇਤ ਨੂਰਪੁਰ ਲੁਬਾਣਾ ਨੂੰ ‘ਬਾਲ ਮਿੱਤਰਤਾਈ ਪੁਰਸਕਾਰ’ ਲਈ ਚੁਣਿਆ ਗਿਆ ਸੀ।
ਸਨਮਾਨ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ, ਸਬੰਧਿਤ ਪੰਚਾਇਤਾਂ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਨਲਾਇਨ ਤਰੀਕੇ ਭਾਗ ਲਿਆ। ਪ੍ਰਧਾਨ ਮੰਤਰੀ ਵਲੋਂ ਪੰਚਾਇਤਾਂ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਾਨਦਾਰ ਕੁਰਗੁਜ਼ਾਰੀ ਰਾਹੀਂ ਵਿਕਾਸ ਕੰਮ ਕਰਵਾਉਣ ਤੇ ਸਿੱਖਿਆ ਖੇਤਰ ਅੰਦਰ ਸੁਧਾਰਾਂ ਲਈ ਥਾਪੜਾ ਦਿੱਤਾ ਗਿਆ। ਇਨ੍ਹਾਂ ਪੁਰਸਕਾਰਾਂ ਤਹਿਤ ਮਿਲੀ ਸਨਮਾਨ ਰਾਸ਼ੀ ਦੀ ਪਹਿਲੀ ਕਿਸ਼ਤ ਪ੍ਰਧਾਨ ਮੰਤਰੀ ਵਲੋਂ ਕਲਿੱਕ ਕਰਨ ਨਾਲ ਹੀ ਸਿੱਧੀ ਪੰਚਾਇਤਾਂ ਦੇ ਖਾਤਿਆਂ ਵਿਚ ਭੇਜ ਵੀ ਦਿੱਤੀ ਗਈ ਹੈ। ਦੋਹਾਂ ਪੰਚਾਇਤਾਂ ਨੂੰ ਪਹਿਲੀ ਕਿਸ਼ਤ ਵਜੋਂ 5-5 ਲੱਖ ਰੁਪੈ ਮਿਲੇ ਹਨ।
ਡਿਪਟੀ ਕਮਿਸ਼ਨਰ ਵਲੋਂ ਪੰਚਾਇਤਾਂ ਨੂੰ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਲੋਂ ਭੇਜੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਸਮਾਰਟ ਵਿਲੇਜ਼ ’ ਯੋਜਨਾ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਆਸ ਜਤਾਈ ਕਿ ਬਾਕੀ ਪੰਚਾਇਤਾਂ ਵੀ ਇਨ੍ਹਾਂ ਐਵਾਰਡਾਂ ਤੋਂ ਸੇਧ ਲੈ ਕੇ ਹੋਰ ਤਨਦੇਹੀ ਨਾਲ ਕੰਮ ਕਰਨਗੀਆਂ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਐਸ ਪੀ ਅਾਂਗਰਾ ਤੇ ਲਖਵਿੰਦਰ ਸਿੰਘ ਰੰਧਾਵਾ ਡੀ.ਡੀ.ਪੀ.ਓ. ਨੇ ਦੱਸਿਆ ਕਿ ਪਿੰਡ ਸੰਗੋਜਲਾ ਅੰਦਰ ਜਿੱਥੇ 10 ਲੱਖ ਰੁਪੈ ਤੋਂ ਜਿਆਦਾ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਾਈਆਂ ਗਈਆਂ ਉੱਥੇ ਹੀ 10 ਲੱਖ ਰੁਪੈ ਨਾਲ ਸੀਵਰੇਜ਼ ਪਾਇਆ ਗਿਆ। ਇਸ ਤੋਂ ਇਲਾਵਾ 3 ਲੱਖ ਰੁਪੈ ਨਾਲ ਪੰਚਾਇਤ ਘਰ, ਮਨਰੇਗਾ ਤਹਿਤ ਖੇਡ ਗਰਾਊਂਡ ਦੀ ਉਸਾਰੀ ’ਤੇ 4.5 ਲੱਖ ਤੇ ਡੇਰੇ- ਢਾਣੀਆਂ ਨੂੰ ਰਸਤਿਆਂ ਉੱਪਰ 4 ਲੱਖ ਰੁਪੈ ਖਰਚ ਕੀਤੇ ਗਏ ਹਨ।
ਪਿੰਡ ਨੂਰਪੁਰ ਲੁਬਾਣਾ ਜਿਸਦੀ ਚੋਣ ‘ਬਾਲ ਮਿੱਤਰਤਾਈ ਪੁਰਸਕਾਰ ਲਈ ਕੀਤੀ ਗਈ ਹੈ, ਉੱਥੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਸਰਬਪੱਖੀ ਵਿਕਾਸ ਲਈ ਢੁਕਵਾਂ ਮਾਹੌਲ ਸਿਰਜਿਆ ਗਿਆ।
ਇਸ ਮੌਕੇ ਨੀਰਜ ਕੁਮਾਰ ਜਿਲ੍ਹਾ ਉਪ ਸੀ.ਈ.ਓ. ਜਿਲ੍ਹਾ ਪ੍ਰੀਸ਼ਦ, ਸਮਸ਼ੇਰ ਸਿੰਘ ਬੀ.ਡੀ.ਪੀ.ਓ. ਢਿਲਵਾਂ , ਸਾਹਿਲ ਉਬਰਾਏ ਸੁਪਰਡੈਂਟ ਟੂ ਏ.ਡੀ.ਸੀ. ਵਿਕਾਸ, ਜਰਨੈਲ ਸਿੰਘ ਸਰਪੰਚ ਨੂਰਪੁਰ ਲੁਬਾਣਾ, ਸੁਖਜੀਤ ਸਿੰਘ ਸਰਪੰਚ ਸੰਗੋਜਲਾ, ਪਲਵਿੰਦਰ ਸਿੰਘ ਡੀ.ਪੀ.ਐਮ. ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ-ਕਪੂਰਥਲਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਨਲਾਇਨ ਤਰੀਕੇ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਪੰਚਾਇਤਾਂ ਨੂੰ ਕੇਂਦਰੀ ਪੁਰਸਕਾਰ ਵੰਡਣ ਸਬੰਧੀ ਹੋਏ ਸਮਾਗਮ ਵਿਚ ਭਾਗ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ।






















