ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਵਿਰੁੱਧ ਆਪ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਦਿਆਲ ਕੰਬੋਜ ਦਾ ਸਾੜਿਆ ਪੁਤਲਾ
-ਅਕਾਲੀਆਂ ਵਾਂਗ ਹੁਣ ਵੀ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੇ ਹਨ ਵਿਧਾਇਕ ਅਤੇ ਕੈਪਟਨ ਦੇ ਸਲਾਹਕਾਰ-ਆਪ
-ਕਾਰਵਾਈ ਨਾ ਹੋਣ ‘ਤੇ ਆਪ ਕਰੇਗੀ ਕੈਪਟਨ ਅਤੇ ਪ੍ਰਨੀਤ ਕੌਰ ਦੇ ਮਹਿਲ ਦਾ ਘਿਰਾਓ
ਚੰਡੀਗੜ, 9 ਦਸੰਬਰ 2020 (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਸ਼ਹਿਰ ਰਾਜਪੁਰਾ ਵਿਚੋਂ ਫੜ੍ਹੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਆਰੋਪੀਆਂ ਦੀ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਦੇ ਵਿਧਾਇਕ ਮਦਨਲਾਲ ਜਲਾਲਪੁਰ ਅਤੇ ਖੁਦ ਮੁੱਖ ਮੰਤਰੀ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਨਾਲ ਨਜ਼ਦੀਕੀਆ ਕਾਰਨ ਉਨ੍ਹਾਂ ਉੱਪਰ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨੇ ਅੱਜ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਵਿਖੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰ ਇਕੱਠੇ ਹੋਏ ਅਤੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਨਸ਼ਾ ਤਸਕਰਾਂ ਦੇ ਹੱਥ ਵਿੱਚ ਖੇਡ ਰਹੇ ਹਨ।
ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖਜਾਨਚੀ ਨੀਨਾ ਮਿੱਤਲ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਤਸਕਰਾਂ ਦੇ ਹੌਸਲੇ ਵਧ ਚੁੱਕੇ ਹਨ ਜਿਸ ਕਾਰਨ ਉਹ ਨਕਲੀ ਸ਼ਰਾਬ ਅਤੇ ਨਸ਼ਾ ਵੇਚ ਕੇ ਪੰਜਾਬ ਦੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਜਿਸ ਬੇਸ਼ਰਮੀ ਨਾਲ ਕਾਂਗਰਸ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਖੁੱਲ੍ਹ ਕੇ ਮਦਦ ਕਰ ਰਹੇ ਹਨ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸਾਰਾ ਕਾਰਜ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ ਤੇ ਹੇਠਾਂ ਹੀ ਚੱਲ ਰਿਹਾ ਹੈ। ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਅੱਜ ਉਨ੍ਹਾਂ ਦੀ ਜਾਨ ਨਾਲ ਖੇਡਦੇ ਹੋਏ ਸੂਬੇ ਵਿਚ ਨਸ਼ੇ ਦਾ ਜਾਲ ਵਿਛਾਉਣ ਦਾ ਕਾਰਜ ਕਰ ਰਹੇ ਹਨ
‘ਆਪ’ ਆਗੂਆਂ ਨੇ ਕਿਹਾ ਕਿ ਬੀਤੀ ਰਾਤ ਰਾਜਪੁਰਾ ਤੋਂ ਫਿਰ ਇਕ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ, ਇਸ ਦੇ ਦੋਸ਼ੀ ਜੋ ਦੀਪੇਸ਼ ਕੁਮਾਰ ਗਰੋਵਰ ਅਤੇ ਕਾਰਜ ਸਿੰਘ ਜੋ ਗ੍ਰਿਫਤਾਰ ਕੀਤੇ ਗਏ ਹਨ ਦੋਵਾਂ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਦੇ ਵਿਧਾਇਕ ਮਦਨਲਾਲ ਅਤੇ ਐਮਪੀ ਪ੍ਰਨੀਤ ਕੌਰ ਦੇ ਨਜ਼ਦੀਕੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ, ਮੰਡੀ ਗੋਬਿੰਦਗੜ੍ਹ ਅਤੇ ਪੰਜਾਬ ਚ ਹੋਰ ਥਾਵਾਂ ਉੱਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ ਜਿਨ੍ਹਾਂ ਵਿੱਚ ਵੀ ਇਨ੍ਹਾਂ ਹੀ ਲੋਕਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਪੂਰਨ ਤੌਰ ਤੇ ਸਪੱਸ਼ਟ ਹੋ ਚੁੱਕੀ ਹੈ ਕਿ ਕਾਂਗਰਸੀ ਵਿਧਾਇਕ ਅਤੇ ਲੀਡਰ ਹੀ ਨਕਲੀ ਸ਼ਰਾਬ ਮਾਫੀਆ ਨੂੰ ਸ਼ਹਿ ਦੇ ਰਹੇ ਹਨ।
ਲਾਕਡਾਊਨ ਦੌਰਾਨ ਜਦੋਂ ਸਰਕਾਰ ਤੋਂ ਪੁੱਛੇ ਬਿਨਾਂ ਪਰਿੰਦਾ ਨਹੀਂ ਹਲਦਾ ਸੀ ਤਾਂ ਉਸ ਸਮੇਂ ਵੀ ਰਾਜਪੁਰਾ ਤੋਂ ਨਕਲੀ ਸ਼ਰਾਬ ਦੀਆ ਫੈਕਟਰੀਆ ਫੜੀਆ ਗਈਆ ਸਨ ਜਿਸ ਵਿਚ ਵੀ ਦੀਪੇਸ਼ ਗਰੋਵਰ ਦਾ ਨਾਮ ਆਇਆ ਸੀ। ਜੋ ਕਿ ਹੁਣ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਉਤੇ ਆਇਆ ਹੈ। ਸਰਕਾਰ ਨੇ ਆਪਣੇ ਨਜ਼ਦੀਕੀ ਪ੍ਰਤੀ ਵਫ਼ਾਦਾਰੀ ਨਿਭਾਉਂਦੇ ਹੋਏ ਕੋਈ ਸਖਤ ਕਾਰਵਾਈ ਨਾ ਕੀਤੀ। ਸ਼ਰਾਬ ਤਸਕਰੀ ਦੇ ਮਾਮਲੇ ਵਿਚ ਫੜੇ ਜਾਣ ਤੋਂ ਬਾਅਦ ਵੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੇ ਬੇਟਾ, ਨਿਰਭੈ ਕੰਬੋਜ ਮਿਲਟੀ, ਦੀਪੇਸ਼ ਕੁਮਾਰ ਗਰੋਵਰ ਕਿਸਾਨਾਂ ਦੇ ਧਰਨੇ ਵਿਚ ਜਾਂਦੇ ਦੀਆਂ ਫੋਟੋ ਸਾਹਮਣੇ ਆਈਆਂ ਹਨ।
ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸੰਧੂ ਨਾਲ ਫੜ੍ਹੇ ਗਏ ਆਰੋਪੀਆਂ ਦੀਆਂ ਫੋਟੋਆ ਬਾਰੇ ਬੋਲਦੇ ਹੋਏ ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਹੇਠਲੇ ਆਗੂਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੱਲੋਂ ਸ਼ਰਾਬ ਤਸਕਰਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁੱਟਕਾ ਸਾਹਿਬ ਦੀ ਸਹੁੰ ਚੁੱਕਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਪ੍ਰੰਤੂ ਹੁਣ ਨਸ਼ਾ ਤਸਕਰਾਂ ਦੇ ਸੁਰੱਖਿਆ ਕਰ ਰਹੇ ਹਨ। ਜੇਕਰ ਕੈਪਟਨ ਨੇ ਪਹਿਲਾਂ ਰਾਜਪੁਰਾਂ ਵਿਚ ਫੜ੍ਹੀਆਂ ਸ਼ਰਾਬ ਫੈਕਟਰੀਆਂ ਤੋਂ ਬਾਅਦ ਪੰਜਾਬ ਵਿਚ ਸਖਤੀ ਵਰਤੀ ਹੁੰਦੀ ਤਾਂ ਮਾਝੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਤੋਂ ਵੱਧ ਹੋਈਆਂ ਮੌਤਾਂ ਨਾ ਹੁੰਦੀਆਂ। ਕੈਪਟਨ ਸਾਹਿਬ ਜੇਕਰ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਆਪਣੇ ਓਐਸਡੀਆਂ ਉਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਜ਼ਮੀਰ ਦੀ ਆਵਾਜ਼ ਸੁਣਕੇ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਸਰਕਾਰੀ ਸਹਿ ਉਤੇ ਚਲ ਰਹੀਆਂ ਜ਼ਾਅਲੀ ਸ਼ਰਾਬ ਦੀਆਂ ਫੈਕਟਰੀਆਂ ਜਿੱਥੇ ਲੋਕਾਂ ਦੀ ਜਾਨ ਲੈ ਰਹੀਆਂ ਹਨ, ਉਥੇ ਸੂਬੇ ਦੀ ਆਰਥਿਕਤਾ ਨੂੰ ਵੀ ਢਾਹ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਾਰਪੋਰੇਸ਼ਨ ਬਣਾਉਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਜਦੋਂ ਕਮੀਸ਼ਨ ਆਉਣਾ ਸ਼ੁਰੂ ਹੋਇਆ ਤਾਂ ਕੀਤਾ ਵਾਅਦਾ ਭੁੱਲ ਗਏ।
‘ਆਪ’ ਆਗੂਆਂ ਨੇ ਕਿਹਾ ਕਿ ਉਹ ਅੱਜ ਇਸ ਧਰਨੇ ਪ੍ਰਦਰਸ਼ਨ ਰਾਹੀਂ ਸਰਕਾਰ ਨੂੰ ਇਸ ਉੱਤੇ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ, ਆਗੂਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਘਰ ਦਾ ਘਿਰਾਓ ਕਰੇਗੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਮੇਘ ਚੰਦ ਸ਼ਰਮਾ, ਜਸਬੀਰ ਸਿੰਘ, ਜ਼ਿਲ੍ਹਾ ਸਕੱਤਰ ਹਰੀਸ਼ ਨਰੂਲਾ, ਡਾ. ਬਲਬੀਰ ਸਿੰਘ, ਦੇਵ ਮਾਨ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਅਮਰੀਕ ਬੰਗੜ, ਦੀਪਕ ਸੂਦ, ਅੰਗਰੇਜ਼ ਸਿੰਘ, ਨਵਤੇਜ ਸਿੰਘ ਪ੍ਰਿੰਸ, ਸਵਰਨਜੀਤ ਸਿੰਘ, ਪ੍ਰਦੀਪ ਗਰਗ, ਸੰਦੀਪ ਬੰਧੂ, ਗੁਰਪ੍ਰੀਤ ਸੰਧੂ, ਵਿੱਕੀ ਘਨੌਰ, ਖੁਸ਼ਵੰਤ ਸ਼ਰਮਾ, ਸੰਜੀਵ ਗੁਪਤਾ, ਸੁਰਿੰਦਰ ਸਿੰਗਲਾ, ਸਵਰਨ ਸਿੰਘ, ਗੁਰਪ੍ਰੀਤ ਧਮੋਲੀ, ਕੈਪਟਨ ਸ਼ੇਰ ਸਿੰਘ, ਬੰਤ ਸਿੰਘ, ਸਿਮਰਨਪ੍ਰੀਤ ਸਿੰਘ, ਮਦਨ ਗੋਪਾਲ, ਜੌਹਨ ਮਸੀਹ, ਪੁਨੀਤ ਬੁੱਧੀਰਾਜਾ, ਅਸ਼ੋਕ ਬੰਗੜ, ਅਮਿਤ ਵਿੱਕੀ, ਵਰਿੰਦਰ ਸਿੰਘ, ਰਘਬੀਰ ਸਿੰਘ ਗੋਪਾਲਪੁਰ, ਸੁਸ਼ੀਲ ਕੁਮਾਰ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਅਮਰਜੀਤ ਸਿੰਘ ਭਾਟੀਆ, ਕੇਵਲ ਸਿੰਘ ਬਾਵਾ, ਹਰਿੰਦਰ ਸਿੰਘ ਡਬਲਾਨ, ਦਿਨੇਸ਼ ਮਹਿਤਾ, ਕਸ਼ਮੀਰ ਸਿੰਘ, ਇਸਲਾਮ ਅਲੀ, ਸਿਕੰਦਰ ਸਿੰਘ, ਕ੍ਰਿਸ਼ਨ ਕੁਮਾਰ, ਗੁਰਵਿੰਦਰ ਸਿੰਘ, ਬੱਗਾ, ਹਰਪਾਲ ਸਿੰਘ ਹਡਾਣਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ।