ਨਵੇਂ ਮੰਤਰੀਆਂ ਨੂੰ ਅੱਜ ਵੰਡੇ ਜਾ ਸਕਦੇ ਹਨ ਵਿਭਾਗ;ਪੁਰਾਣੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਦੀਆਂ ਵੀ ਚਰਚਾਵਾਂ ਜੋਰਾਂ ‘ਤੇ
ਚੰਡੀਗੜ੍ਹ,5 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਪੰਜ ਨਵੇਂ ਮੰਤਰੀਆਂ ਨੂੰ ਅੱਜ ਵਿਭਾਗਾਂ ਦੀ ਵੰਡ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋ ਸਕਦਾ ਹੈ। ਦੱਸ ਦਈਏ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੁੱਲ 28 ਮੰਤਰਾਲੇ ਹਨ। ਜਿਹਨਾਂ ਵਿੱਚ ਗ੍ਰਹਿ,ਸਥਾਨਕ ਸਰਕਾਰਾਂ ਅਤੇ ਸਿਹਤ ਮੰਤਰਾਲੇ ਤਿੰਨੋ ਹੀ ਵੱਡੇ ਵਿਭਾਗ ਹਨ। ਚਰਚਾ ਹੈ ਕਿ ਇਹਨਾਂ ਵਿੱਚੋਂ ਅਹਿਮ ਸਥਾਨਕ ਸਰਕਾਰਾਂ ਦਾ ਮੰਤਰਾਲਾ ਨਵੇਂ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਜਾ ਸਕਦਾ ਹੈ। ਸਿਹਤ ਵਿਭਾਗ ਨੂੰ ਲੈ ਕੇ ਦੋ ਨਾਮ ਡਾ.ਨਿੱਝਰ ਅਤੇ ਚੇਤਨ ਸਿੰਘ ਜੌੜਾਮਾਜਰਾ ਚਰਚਾ ਵਿੱਚ ਹਨ।
ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵੀ ਕਿਸੇ ਹੋਰ ਮੰਤਰੀ ਨੂੰ ਵੀ ਦਿੱਤੀ ਜਾ ਸਕਦਾ ਹੈ।
ਦੱਸ ਦਈਏ ਕਿ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 10 ਮੰਤਰੀ ਬਣਾਏ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਨ੍ਹਾਂ ਦੀ ਗਿਣਤੀ 11 ਸੀ। 10 ਪੁਰਾਣੇ ਮੰਤਰੀਆਂ ਵਿੱਚੋਂ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੀਐਮ ਸਮੇਤ 10 ਮੰਤਰੀ ਰਹਿ ਗਏ। ਹੁਣ ਕੱਲ੍ਹ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਝਰ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਹੈ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਅਜੇ ਵੀ ਮੰਤਰੀ ਮੰਡਲ ਵਿੱਚ ਤਿੰਨ ਮੰਤਰੀਆਂ ਦੀ ਜਗ੍ਹਾ ਖਾਲੀ ਹੈ। ਕਿਆਸਰਾਈਆਂ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨੇੜੇ ਤੇੜੇ ਮੰਤਰੀ ਮੰਡਲ ਦਾ ਅਗਲਾ ਵਿਸਥਾਰ ਕੀਤਾ ਜਾ ਸਕਦਾ ਹੈ।