ਨਵੀਂ ਸਿੱਟ ਲੋਕਾਂ ਦੀਆਂ ਅੱਖਾਂ ਪੂੰਝਣ ਤੋਂ ਵੱਧ ਕੁੱਝ ਨਹੀਂ ਹੋਵੇਗੀ : ਭੋਮਾ
ਰਿਪੋਰਟ ਖਾਰਜ ਹੋਣ ਨਾਲ ਦੋਸ਼ੀ ਦੋਸ਼ ਮੁਕਤ ਨਹੀਂ ਹੋ ਗਏ

ਚੰਡੀਗੜ੍ਹ 24 ਅਪ੍ਰੈਲ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਕਿਹਾ ਮਾਣਯੋਗ ਹਾਈਕੋਰਟ ਵਲੋਂ ਬੇਅਦਬੀ ਕੇਸ ਦੇ ਤਫਤੀਸ਼ੀ ਅਫਸਰ ਕੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਦੀ ਰਿਪੋਰਟ ਖਾਰਜ ਕਰਨ ਵਾਲੇ ਫੈਸਲੇ ਨੂੰ ਜਨਤਕ ਹੋਣ ਤੇ ਗੰਭੀਰਤਾ ਨਾਲ ਅਧਿਐਨ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਇਸ ਕੇਸ ਵਿੱਚ ਨਾ ਤਾਂ ਪਟੀਸ਼ਨਰ ਸੀ ਅਤੇ ਨਾ ਹੀ ਕੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਨੇ ਸ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕੋਈ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਫਿਰ ਇਸ ਫੈਸਲੇ ਵਿੱਚ ਸ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਆਉਣਾ ਤੱਥਾਂ ਤੇ ਕਨੂੰਨ ਤੇ ਅਧਾਰਤ ਨਹੀਂ ਹੈ ਉਸ ਨੂੰ ਕਲੀਨ ਚਿੱਟ ਦੇਣਾਂ ਵੀ ਕਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦਾ ।
ਮਾਣਯੋਗ ਹਾਈਕੋਰਟ ਵਿੱਚ ਪਟੀਸ਼ਨ ਤਾਂ ਪੁਲਿਸ ਦੇ ਸਬ ਇੰਸਪੈਕਟਰ ਗੁਰਦੀਪ ਨੇ ਪੰਜਾਬ ਸਰਕਾਰ ਦੇ ਖਿਲਾਫ ਦਾਇਰ ਕੀਤੀ ਸੀ ਜਿਸ ਵਿੱਚ ਕੰਵਰ ਵਿਜੇ ਪ੍ਰਤਾਪ IPS ਤੇ ਆਈ ਜੀ ਪੰਜਾਬ ਨੂੰ ਪਾਰਟੀ ਬਣਾਇਆਂ ਗਿਆ ਸੀ ਕਿ ਉਸ ਵਲੋਂ ਤਫਤੀਸ਼ ਇਕਤਰਫ਼ਾ ਕੀਤੀ ਜਾ ਰਹੀ ਹੈ । ਜਦੋਂ ਕਿ ਪਟੀਸਨਰ ਤੇ ਕੰਵਰ ਵਿਜੈ ਪ੍ਰਤਾਪ ਦੋਵੇ ਪੁਲਿਸ ਅਫ਼ਸਰ ਹਨ ਫ਼ਿਰ ਦੋਵਾਂ ਦਰਮਿਆਨ ਸਿਆਸੀ ਰੰਜ਼ਿਸ਼ ਕਿਥੋਂ ਆ ਗੲੀ ? ਫ਼ਿਰ ਫੈਸਲੇ ਵਿੱਚ ਜੋ ਜੱਜ ਸਾਹਿਬ ਨੇ ਹੁਕਮ ਦਿੱਤਾ ਹੈ ਉਸ ਵਿੱਚ ਇਹ ਜ਼ਿਕਰ ਨਹੀਂ ਹੈ ਕਿ ਨਵੀਂ ਸਿੱਟ ਜ਼ੋ ਤਫਤੀਸ਼ ਕਰੇਗੀ ਉਸ ਉੱਪਰ ਦਿੱਤੇ ਹੁਕਮ ਵਿੱਚ ਕੀਤੀਆਂ ਟਿੱਪਣੀਆਂ ਦਾ ਕੋਈ ਅਸਰ ਨਹੀਂ ਪਵੇਗਾ। ਇਸ ਲਈ ਨਵੀਂ ਸਿੱਟ ਕੋਲ਼ ਤਾਂ ਕੋਈ ਤਾਕਤ ਹੀ ਬਾਕੀ ਨਹੀਂ ਬਚੀ । ਸਿਰਫ਼ ਸਿੱਖ ਪੰਥ ਤੇ ਲੋਕਾਂ ਦੀਆਂ ਅੱਖਾਂ ਪੂੰਝਣ ਤੋਂ ਵੱਧ ਕੁੱਝ ਵੀ ਨਹੀਂ ਹੋਵੇਗਾ । ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਨਾਲ ਯਾਰੀ ਨਿਭਾਕੇ ਉਹਨਾਂ ਦੇ ਹੱਕ ਵਿੱਚ ਕਨੂੰਨੀ ਮੋਹਰ ਲਵਾ ਲਈ ਹੈ ਹੁਣ ਮੁੱਖ ਮੰਤਰੀ ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹੋ ਕੇ ਇਹ ਦੱਸੇ ਕਿ ਉਹ ਏਡੇ ਵੱਡੇ ਧਾਰਮਿਕ ਸੰਵੈਦਨਸੀਲ ਕੇਸ ਵਿੱਚ ਕੀ ਫੈਸਲਾ ਕਰ ਰਿਹਾ ਹੈ ? ਚਲਾਕੀਆਂ ਤੇ ਬੇਈਮਾਨੀਆਂ ਨਾਲ ਸਮਾਂ ਨਹੀਂ ਲੰਘਣਾ । 2017 ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਭਤੀਜੇ ਘਰ ਤੋਰ ਦਿੱਤੇ ਸੀ ਹੁਣ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿੱਚ ਭਤੀਜਿਆਂ ਦੇ ਅੰਕਲ ਨੂੰ ਘਰ ਤੋਰਕੇ ਭਤੀਜਿਆਂ ਨੂੰ ਦਿੱਤੀਆਂ ਜਾ ਰਹੀਆਂ ਵਾਰ ਵਾਰ ਮਾਫ਼ੀਆ ਦਾ ਬਦਲਾ ਜ਼ਰੂਰ ਲੈਣਗੇ । ਉਹਨਾਂ ਕਿਹਾ ਰਿਪੋਰਟ ਖਾਰਜ ਹੋਣ ਨਾਲ ਦੋਸ਼ੀ ਦੋਸ਼ ਮੁਕਤ ਤਾਂ ਨਹੀਂ ਹੋ ਗੲੇ । ਹੁਣ ਤਾਂ ਉਹ ਗੱਲ ਹੋ ਗਈ ਚਾਚਾ ਤੂੰ ਵੀ ਚੋਰ ਤੇ ਮੈਂ ਵੀ ਚੋਰ । ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਹੁੱਣ ਪੰਥ ਤੇ ਲੋਕਾਂ ਦੀ ਕਚਹਿਰੀ ਵਿੱਚ ਹੋਵੇਗਾ । ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੁਆਲ ਕਰਦਿਆਂ ਕਿਹਾ ਕਿ ਜੇਕਰ ਉਕਤ ਮਸਲਿਆਂ ਤੇ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਦੇਣਾ ਸੀ ਫਿਰ ਵਾਰ ਵਾਰ ਡਰਾਮੇਬਾਜ਼ੀਆਂ ਕਰਕੇ ਕਰੋੜਾਂ ਅਰਬਾਂ ਰੁਪਏ ਜਾਚਾਂ ਤੇ ਖ਼ਰਚ ਕਰਨ ਦੀ ਕੀ ਲੌੜ ਸੀ ?






















