
ਸ਼ਹੀਦ ਸਿਪਾਹੀ ਗੁਰਤੇਜ ਸਿੰਘ ਦੇ ਪਿੰਡ ਜਾ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਮਾਨਸਾ, 19 ਜੂਨ ( ਵਿਸ਼ਵ ਵਾਰਤਾ )-ਕੇਂਦਰੀ ਖੇਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਵਾਂ ਭਾਰਤ ਚੀਨ ਨੂੰ ਇਸ ‘ਤੇ ਹਮਲਾ ਨਹੀਂ ਕਰਨ ਦੇਵੇਗਾ ਤੇ ਦੇਸ਼ ਕਿਸੇ ਵੀ ਖਤਰੇ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਦੇ ਸਮਰਥ ਹੈ।
ਕੇਂਦਰੀ ਮੰਤਰੀ, ਜਿਹਨਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਸਿਪਾਹੀ ਗੁਰਤੇਜ ਸਿੰਘ ਨੂੰ ਸਲਾਮੀ ਤੇ ਸ਼ਰਧਾਂਜਲੀ ਦਿੱਤੀ, ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ਦਾ ਬਲਿਦਾਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੀ ਫੌਜ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਅਤੇ ਦੁਸ਼ਮਣ ਨੂੰ ਠੋਕਵਾਂ ਜਵਾਬ ਦੇਣ ਦੇ ਸਮਰਥ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਿੰਡ ਵਾਲਿਆਂ ਨਾਲ ਵੀ ਗਲੱਬਾਤ ਕੀਤੀ। ਉਹਨਾਂ ਨੂੰ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਪਿੰਡ ਵਿਚ ਕਾਲਜ ਸਥਾਪਿਤ ਕੀਤਾ ਜਾਵੇ। ਉਹਨਾਂ ਨੇ ਪਿੰਡ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਬਣਾਉਣ ਵਾਸਤੇ ਕੰਮ ਕਰਨਗੇ ਤੇ ਉਹਨਾਂ ਨੇ ਪੰਚਾਇਤ ਨੂੰ ਮਤਾ ਪਾਸ ਕਰ ਕੇ ਇਸਦੀ ਕਾਪੀ ਉਹਨਾਂ ਨੂੰ ਭੇਜਣ ਲਈ ਆਖਿਆ। ਉਹਨਾਂ ਨੇ ਪਰਿਵਾਰ ਨੂੰ ਭਰੋਸਾ ਵੀ ਦੁਆਇਆ ਕਿ ਉਹਨਾਂ ਨੂੰ ਕੇਂਦਰ ਤੋਂ ਹਰ ਉਹ ਸਹੂਲਤ ਮਿਲੇਗੀ ਜਿਸਦੇ ਉਹ ਹੱਕਦਾਰ ਹਨ।





















