ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਬਿਆਨ
ਪੜ੍ਹੋ, ਕੀ ਕਿਹਾ
ਚੰਡੀਗੜ੍ਹ, 5ਫਰਵਰੀ(ਵਿਸ਼ਵ ਵਾਰਤਾ)- ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਫਾਈਲ ਨਾ ਤਾਂ ਮੰਤਰੀ ਮੰਡਲ ਵਿੱਚ ਲਿਆਂਦੀ ਗਈ ਅਤੇ ਨਾ ਹੀ ਰਾਜਪਾਲ ਨੂੰ ਭੇਜੀ ਗਈ। ਭਾਰਤ ਦੇ ਸੰਵਿਧਾਨ ਦੀ ਧਾਰਾ 161 ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਰਾਜ ਸਰਕਾਰ ਦੀ ਸਲਾਹ ‘ਤੇ ਕੰਮ ਕਰਨ ਲਈ ਮਜਬੂਰ ਕਰਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਆਪਣੇ ਟਵੀਟ ‘ਚ ਲਿਖ ਕੇ ਕੀਤਾ । ਇਸ ਤੋਂ ਪਹਿਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਿਤਰੇ ਸਨ । ਇਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਅਤੇ ਮਹਿੰਦਰ ਸਿੰਘ ਕੇਪੀ ਨੇ ਪੰਜਾਬ ਸਰਕਾਰ ਸਮੇਤ ਆਪਣੀ ਪਾਰਟੀ ਦੇ ਆਗੂਆਂ ਨੂੰ ਘੇਰਿਆ ਸੀ ।
ਤਿਵਾੜੀ ਨੇ ਵੀ ਟਵਿੱਟਰ ‘ਤੇ ਆਪਣਾ ਸਮਰਥਨ ਦਿੰਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਈ ਦਾ ਸਸਪੈਂਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮੁੱਦੇ ਉੱਤੇ ਸਿਆਸਤ ਵੀ ਖੂਬ ਹੋ ਰਹੀ ਹੈ ਤੇ ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਰਿਹਾਈ ਵਾਲੇ ਪੋਸਟਰਾਂ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ,ਪਰ ਨਵਜੋਤ ਸਿੱਧੂ ਅਸਲ ਕਦੋਂ ਬਾਹਰ ਆਉਣਗੇ, ਇਹ ਹਾਲੇ ਵੀ ਕਿਸੇ ਨੂੰ ਪੂਰਾ ਪਤਾ ਨਹੀਂ ਹੈ।
ਵਰਨਣਯੋਗ ਹੈ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਜਿਨ੍ਹਾਂ ਤਿੰਨ ਕੈਦੀਆਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਦਿੱਤੀ ਗਈ, ਉਨ੍ਹਾਂ ਵਿੱਚੋਂ ਸਿਰਫ਼ ਲਖਬੀਰ ਸਿੰਘ, ਰਵਿੰਦਰ ਸਿੰਘ ਅਤੇ ਤਸਪ੍ਰੀਤ ਸਿੰਘ ਨੂੰ ਹੀ ਬਿਨ੍ਹਾਂ ਦੇਰੀ ਰਿਹਾਈ ਦੀ ਛੋਟ ਮਿਲੀ ਹੈ। ਅਨਿਰੁਧ ਮੰਡਲ ਅਤੇ ਸ਼ੰਭੂ ਮੰਡਲ ਨਾਂ ਦੇ ਦੋ ਹੋਰ ਕੈਦੀਆਂ ਨੂੰ ਵੀ ਸੂਬਾ ਸਰਕਾਰ ਜੇਲ੍ਹ ਵਿਭਾਗ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਛੋਟ ਤਹਿਤ ਰਿਹਾਈ ਦੀ ਰਿਆਇਤ ਵਾਲੀ ਸੂਚੀ ਵਿੱਚ ਪਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਨੇ 19 ਮਈ 2022 ਨੂੰ ਇੱਕ ਸਾਲ ਤਹਿਤ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਨਿਯਮਾਂ ਮੁਤਾਬਕ ਸਿੱਧ ਨੂੰ ਅਪ੍ਰੈਲ ‘ਚ ਹੀ ਰਿਲੀਜ਼ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸਜ਼ਾ ਦੀ ਨਿਰਧਾਰਤ ਮਿਤੀ 20 ਮਈ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਅਪ੍ਰੈਲ ਵਿੱਚ ਰਿਹਾਅ ਕੀਤਾ ਜਾ ਸਕਦਾ ਹੈ। ਕਿਉਂਕਿ ਉਸਨੇ ਆਪਣੀ ਇੱਕ ਸਾਲ ਦੀ ਸਜ਼ਾ ਦੀ ਮਿਆਦ ਦੌਰਾਨ ਕੋਈ ਪੈਰੋਲ ਅਤੇ ਫਰਲੋ ਦਾ ਲਾਭ ਨਹੀਂ ਲਿਆ।






















