– ਨਗਰ ਸੁਧਾਰ ਸਭਾ ਨੇ ਸੱਦੀ ਸ਼ਹਿਰੀਆਂ ਦੀ ਮੀਟਿੰਗ
ਬੁਢਲਾਡਾ (ਮਾਨਸਾ), 17 ਸਤੰਬਰ (ਵਿਸ਼ਵ ਵਾਰਤਾ)-ਨਗਰ ਕੌਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਆਤਮਹੱਤਿਆ ਦੇ ਮਾਮਲੇ ਵਿਚ ਬੁਢਲਾਡਾ ਸ਼ਹਿਰ ਦੇ 20 ਵਿਅਕਤੀਆਂ ਖਿਲਾਫ ਦਰਜ ਕੀਤੇ ਮੁੱਕਦਮੇ ਵਿਚ ਮਾਨਸਾ ਦੇ ਜ਼ਿਲ੍ਹਾ ਸ਼ੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ਵੱਲੋ ਅੱਜ ਵੱਡੀ ਰਾਹਤ ਦਿੰਦਿਆਂ 12 ਵਿਅਕਤੀਆਂ ਦੀ ਗ੍ਰਿਫਤਾਰੀ *ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੁੱਕਦਮੇ ਵਿਚ ਸ਼ਾਮਲ 2 ਵਕੀਲਾਂ ਦੀ ਗ੍ਰਿਫਤਾਰੀ *ਤੇ ਵੀ ਰੋਕ ਲਗਾ ਦਿਤੀ ਗਈ ਸੀ।
ਵਰਨਣਯੋਗ ਹੈ ਕਿ ਨਗਰ ਕੌਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਜੋ ਬੇਭਰੋਸਗੀ ਦੇ ਮਤੇ ਦਾ ਸਹਾਮਣਾ ਕਰ ਰਿਹਾ ਸੀ ਕਿ ਅਚਾਨਕ 28 ਅਗਸਤ ਨੂੰ ਆਤਮ ਹੱਤਿਆ ਕਰ ਲਈ, ਜਿਸ *ਤੇ ਪੁਲੀਸ ਨੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨ *ਤੇ ਸ਼ਹਿਰ ਦੇ ਦੋ ਵਕੀਲਾਂ ਸਮੇਤ 15 ਦੇ ਕਰੀਬ ਵਿਅਕਤੀਆਂ ਖਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਸੀ।
ਅਦਾਲਤ ਵੱਲੋਂ ਗ੍ਰਿਫਤਾਰੀ *ਤੇ ਰੋਕ ਲਗਾਉਣ ਤੋਂ ਪਹਿਲਾਂ ਇਨ੍ਹਾਂ ਵਿਅਕਤੀਆਂ ਵੱਲੋਂ ਐਡਵੋਕੇਟ ਵਿਜੈ ਕੁਮਾਰ ਗੋਇਲ, ਸੁਧੀਰ ਕੁਮਾਰ ਅਤੇ ਗੁਰਵਿੰਦਰ ਸਿੰਘ ਖੱਤਰੀਵਾਲ ਪੇਸ਼ ਹੋਏ, ਜਿੰਨ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਜਿਹੀ ਰੋਕ ਲਗਾਈ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਬੁਢਲਾਡਾ ਪੁਲੀਸ ਵੱਲੋ ਨਗਰ ਕੌਂਸਲ ਪ੍ਰਧਾਨ ਦੀ ਪਤਨੀ ਬਲਜੀਤ ਕੌਰ ਦੇ ਬਿਆਨ *ਤੇ ਦਰਜ ਕੀਤੇ ਗਏ ਮੁੱਕਦਮੇ ਵਿਚ ਸ਼ਹਿਰ ਦੇ 2 ਵਕੀਲਾਂ ਸਮੇਤ 15 ਨਾਮੀ ਵਿਅਕਤੀ ਅਤੇ 5 ਅਣਪਛਾਤੇ ਲੋਕਾਂ ਖਿਲਾਫ ਕੌਂਸਲ ਪ੍ਰਧਾਨ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਮੁੱਕਦਮੇ ਦੇ ਖਿਲਾਫ ਸ਼ਹਿਰ ਦੇ ਲੋਕਾਂ ਨੇ ਅਸਲ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਕੀਤੀ ਸੀ, ਜਿਸ ਸਦਕਾ ਪੁਲੀਸ ਨੇ ਦਰਜ ਮੁੱਕਦਮੇ ਦੀ ਜਾਚ ਸ਼ੁਰੂ ਕਰ ਦਿਤੀ ਹੈ, ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਪ੍ਰਧਾਨ ਵੱਲੋ ਆਤਮਹੱਤਿਆ ਸਮੇ ਮੌਜੂਦ ਵਿਅਕਤੀਆਂ ਅਤੇ ਦੁਕਾਨ ਮਾਲਕ ਉਪਰ ਵੀ ਤਿੱਖੀ ਨਜਰ ਬਣਾਈ ਹੋਈ ਹੈ।
ਅੱਜ ਦੇ ਅਦਾਲਤੀ ਫੈਸਲੇ *ਤੇ ਮੁੱਕਦਮੇ ਵਿਚ ਸ਼ਾਮਲ ਪ੍ਰੇਮ ਸਿੰਘ ਦੋਦੜਾ, ਲਵਲੀ ਕਾਠ, ਕੁਲਦੀਪ ਸ਼ਿਮਾਰ,ਟਿੰਕੂ ਪੰਜਾਬ, ਰਾਕੇਸ਼ ਕੁਮਾਰ ਘੱਤੂ, ਸੱਤਪਾਲ ਸਿੰਘ, ਗਿੰਨੀ ਸਿੰਘ, ਗੁਰਿੰਦਰ ਕੁਮਾਰ, ਸਤੀਸ਼ ਸਿੰਗਲਾ, ਪ੍ਰਦੀਪ ਬਬਲੂ, ਰਾਕੇਸ਼ ਕੁੰਮਾਰ ਕੰਟਰੀ ਨੂੰ ਅਦਾਲਤ ਵੱਲੋ ਰਾਹਤ ਦਿਤੀ ਗਈ ਹੈ।
ਇਸ ਅਦਾਲਤੀ ਫੈਸਲੇ ਤੋਂ ਬਾਅਦ ਨਗਰ ਸੁਧਾਰ ਸਭਾ ਬੁਢਲਾਡਾ ਵੱਲੋ ਸ਼ਹਿਰ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਉਪਰੋਕਤ ਹਲਾਤਾਂ ਸਬੰਧੀ ਚਰਚਾ ਤੋ ਇਲਾਵਾ ਸ਼ਹਿਰ ਦੇ ਵਿਕਾਸ ਲਈ ਮੁੜ ਯੋਜਨਾਵਾਂ ਲਈ ਰੂਪ—ਰੇਖਾ ਤਿਆਰ ਕੀਤੀ ਜਾਵੇਗੀ।