ਚੰਡੀਗੜ, 23 ਨਵੰਬਰ: ਪੰਜਾਬ ਵਿਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਇਸ ਦੇ ਯੂਥ ਵਿੰਗ ਦਾ ਮੁਖੀ ਅਮਰੀਕ ਬਾਗੜੀ ਅਤੇ ਹੋਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਅੱਜ ਸਵੇਰੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਮਰੀਕ ਬਾਗੜੀ ਜੋ ਬਸਪਾ ਦੇ ਸਾਬਕਾ ਜਨਰਲ ਸਕੱਤਰ ਵੀ ਹਨ ਸਣੇ ਪਾਰਟੀ ਦੇ ਹੋਰ ਆਗੂ ਗਗਨ ਬਾਜਵਾ, ਵਿਵੇਕ ਬਾਗੜੀ, ਮੋਨੂ ਬਾਗੜੀ, ਪਰਮਜੀਤ ਬਾਗੜੀ, ਜਤਿੰਦਰ ਕਲਸੀ, ਕਮਲ, ਬਲਵੰਤ ਰਾਏ (ਐਨ.ਆਰ.ਆਈ), ਮਨੂ ਅਹੀਰ ਅਤੇ ਜਗਰੂਪ ਸਿੰਘ ਢੇਸੀ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਬਾਗੜੀ ਅਤੇ ਹੋਰਾਂ ਦਾ ਕਾਂਗਰਸ ਵਿਚ ਆਉਣ ਤੇ ਸੁਆਗਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਾਂਗਰਸ ਦੀ ਵੱਧ ਰਹੀ ਹਰਮਨਪਿਆਰਤਾ ਦਾ ਸੰਕੇਤ ਹੈ ਅਤੇ ਕਾਂਗਰਸ ਵੱਲੋਂ ਅਪਣਾਈਆਂ ਜਾ ਰਹੀਆਂ ਲੋਕਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਕਾਰਨ ਲੋਕਾਂ ਦਾ ਕਾਂਗਰਸ ਵਿਚ ਬਹੁਤ ਜ਼ਿਆਦਾ ਵਿਸ਼ਵਾਸ ਵਧਿਆ ਹੈ। ਇਹ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਅਤੇ ਵਿਕਾਸ ਸਕੀਮਾਂ ਉੱਤੇ ਵੀ ਇੱਕ ਮੋਹਰ ਹੈ ਖਾਸ ਕਰ ਜਿਹੜੀਆਂ ਸਰਕਾਰ ਵੱਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ ਦੇ ਲੋਕਾਂ ਦਾ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਵਿਸ਼ਵਾਸ ਨਹੀਂ ਰਿਹਾ। ਉਨਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਅਮਰੀਕ ਬਾਗੜੀ ਨੇ ਕਿਹਾ ਕਿ ਬਸਪਾ ਲੀਡਰਸ਼ਿਪ ਦੇ ਕੰਮ ਕਾਜ ਦੇ ਤਾਨਾਸ਼ਾਹੀ ਰਵੱਈਏ ਅਤੇ ਸੌੜੇ ਹਿੱਤਾਂ ਕਾਰਨ ਪਾਰਟੀ ਅਹੁਦੇਦਾਰਾਂ ਨੂੰ ਜਾਣਬੁਝ ਕੇ ਨਜ਼ਰਅੰਦਾਜ ਅਤੇ ਹਾਸ਼ੀਏ ’ਤੇ ਸੁੱਟ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਬਸਪਾ ਸਿਆਸੀ ਤੌਰ ’ਤੇ ਡਾਮਾਡੋਲ ਹੋ ਚੁੱਕੀ ਹੈ ਅਤੇ ਇਸ ਦਾ ਆਪਣੇ ਵੋਟਰਾਂ ਵਿਚ ਹੀ ਅਧਾਰ ਤੇਜ਼ੀ ਨਾਲ ਖੁਰ ਰਿਹਾ ਹੈ।
ਬਾਗੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ ਲੀਹੋ ਹੱਟਵੇਂ ਲੋਕਪੱਖੀ ਫੈਸਲੇ ਲਏ ਹਨ ਜਿਸ ਨਾਲ ਪੰਜਾਬ ਆਉਂਦੇ ਸਮੇਂ ’ਚ ਯਕੀਨਨ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਂਆਂ ਸਿਖਰਾਂ ਨੂੰ ਛੂਹੇਗਾ। ਉਨਾਂ ਕਿਹਾ ਕਿ ਉਹ ਅਤੇ ਉਨਾਂ ਦੇ ਸਾਥੀ ਅਨੁਸ਼ਾਸਨ ’ਚ ਰਹਿ ਕਿ ਸੂਬੇ ਦੇ ਸਰਬਪੱਖੀ ਵਿਕਾਸ ’ਚ ਬਣਦੀ ਭੂਮਿਕਾ ਨਿਭਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਕਿਤ ਬਾਂਸਲ ਮੌਜੂਦ ਸਨ।