ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਦਾ ਦਿਹਾਂਤ
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਚੰਡੀਗੜ੍ਹ, 14ਜੂਨ(ਵਿਸ਼ਵ ਵਾਰਤਾ)- ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਦੇ ਨੇੜਲੇ ਪਿੰਡ ਬਖਤਵਾਂਗ ਵਿਚ ਰਹਿਣ ਵਾਲੇ ਵਿਸ਼ਵ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜੀਓਨਾ ਚਾਨਾ ਦੀ ਅੱਜ ਮੌਤ ਹੋ ਗਈ। ਜੀਓਨਾ ਚਾਨਾ ਬਖਤਾਵਾਂਗ ਪਿੰਡ ਵਿਚ ਇਕ ਵਿਸ਼ਾਲ 100 ਕਮਰੇ ਵਾਲੇ ਘਰ ਵਿਚ 38 ਪਤਨੀਆਂ, 89 ਬੱਚਿਆਂ, 14 ਨੂੰਹਾਂ ਅਤੇ 33 ਪੋਤੇ-ਪੋਤੀਆਂ ਨਾਲ ਰਹਿੰਦੇ ਸਨ।
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਟਵੀਟ ਕਰਕੇ 76 ਸਾਲਾ ਜਿਓਨਾ ਚਾਨਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਜ਼ੋਰਮਥਾਂਗਾ ਨੇ ਕਿਹਾ ਕਿ ਮਿਜ਼ੋਰਮ ਦਾ ਬਖਤਾਵਾਂਗ ਪਿੰਡ ਜਿਓਨਾ ਚਾਨਾ ਦੇ ਵੱਡੇ ਪਰਿਵਾਰ ਕਾਰਨ ਸੈਲਾਨੀਆਂ ਵਿਚ ਖਿੱਚ ਦਾ ਕੇਂਦਰ ਬਣ ਗਿਆ ਹੈ। 167 ਲੋਕਾਂ ਦਾ ਇਹ ਪਰਿਵਾਰ ਪਹਾੜੀਆਂ ਦੇ ਵਿਚਕਾਰ ਬਣੇ ਵੱਡੇ ਮਕਾਨ ਵਿਚ ਰਹਿੰਦਾ ਹੈ। ਇਸ ਘਰ ਵਿੱਚ 100 ਤੋਂ ਵੱਧ ਕਮਰੇ ਹਨ। ਚਾਨਾ ਦਾ ਜਨਮ 21 ਜੁਲਾਈ 1945 ਨੂੰ ਹੋਇਆ ਸੀ। ਉਹ ਚਾਨਾ ਪਾਵਲ ਨਾਮ ਦੇ ਭਾਈਚਾਰੇ ਦਾ ਮੁਖੀ ਸੀ।






















