ਦਿੱਲੀ ਵਿੱਚ ਹੀਟ ਸਟਰੋਕ ਨਾਲ 5 ਲੋਕਾਂ ਦੀ ਮੌਤ ਜਾਨਲੇਵਾ ਗਰਮੀ ਨੇ ਜੀਣਾ ਕੀਤਾ ਮੁਹਾਲ
ਨਵੀਂ ਦਿੱਲੀ 19 ਜੂਨ (ਵਿਸ਼ਵ ਵਾਰਤਾ) : ਦਿੱਲੀ ਐਨਸੀਆਰ ਦੇ ਲੋਕ ਲਗਭਗ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸਖਤ ਗਰਮੀ ਦੀ ਮਾਰ ਝੱਲ ਰਹੇ ਹਨ। ਸ਼ਹਿਰ ਦਾ ਘੱਟੋ ਘੱਟ ਤਾਪਮਾਨ 35 ਡਿਗਰੀ ਤੋਂ ਪਾਰ ਹੋ ਗਿਆ ਹੈ, ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੋਂ ਵੀ ਉੱਪਰ ਚਲਾ ਗਿਆ ਹੈ। ਐਨਸੀਆਰ ਦੇ ਵਿੱਚ ਹੀਟ ਵੇਵ ਦਾ ਕਹਿਰ ਜਾਰੀ ਹੈ। ਪਿਛਲੇ ਦੋ ਦਿਨਾਂ ਦੇ ਵਿੱਚ ਹੀਟ ਸਟਰੋਕ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿੱਚ ਘੱਟੋ ਘੱਟ 12 ਲੋਕ ਆਈਸੀਯੂ ਦੇ ਵਿੱਚ ਭਰਤੀ ਹਨ। ਗਰਮੀ ਪੂਰੇ ਦਿੱਲੀ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ 100 ਦੇ ਕਰੀਬ ਦੱਸੀ ਜਾ ਰਹੀ ਹੈ। ਕਈ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਸਪੋਰਟ ਤੇ ਰੱਖਿਆ ਜਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਬੁੱਧਵਾਰ ਦੀ ਰਾਤ ਪਿਛਲੇ 12 ਸਾਲ ਦੀਆਂ ਰਾਤਾਂ ਤੋਂ ਸਭ ਤੋਂ ਗਰਮ ਰਾਤ ਰਹੀ ਹੈ। ਬੁੱਧਵਾਰ ਦੀ ਰਾਤ ਘੱਟੋ ਘੱਟ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਮੌਸਮ ਦੇ ਵਿੱਚ ਆਮ ਤਾਪਮਾਨ ਨਾਲੋਂ ਲਗਭਗ ਅੱਠ ਡਿਗਰੀ ਜਿਆਦਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਿਕ 2012 ਦੇ ਵਿੱਚ ਸਭ ਤੋਂ ਜਿਆਦਾ ਗਰਮ ਰਾਤ ਦਰਜ ਕੀਤੀ ਗਈ ਸੀ। ਉਸ ਤੋਂ ਬਾਅਦ ਸਭ ਤੋਂ ਵੱਧ ਗਰਮੀ ਬੁੱਧਵਾਰ ਰਾਤ ਦਰਜ ਕੀਤੀ ਗਈ ਹੈ। ਦਿੱਲੀ ਦੇ ਕਈ ਹਸਪਤਾਲਾਂ ਦੇ ਵਿੱਚ ਹੀਟ ਸਟਰੋਕ ਨਾਲ ਆਉਣ ਵਾਲੇ ਮਰੀਜ਼ਾਂ ਦੇ ਲਈ ਬੈਡ ਰਾਖਵੇਂ ਰੱਖੇ ਗਏ ਹਨ। ਦਿੱਲੀ ਤੇ ਐਨਸੀਆਰ ਖੇਤਰ ਦੇ ਵਿੱਚ 20 ਜੂਨ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅੱਤ ਦੀ ਗਰਮੀ ਦੇ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।






















