ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ ਤਹਿਤ ਭਾਕਿਯੂ ਉਗਰਾਹਾਂ ਵੱਲੋਂ ਅੱਜ 48 ਸ਼ਹਿਰੀ ਬਲਾਕ ਕੇਂਦਰਾਂ ਅਤੇ7 ਪਿੰਡਾਂ ਵਿੱਚ ਕੀਤੇ ਗਏ ਸ਼ਰਧਾਂਜਲੀ ਸਮਾਗਮਾਂ ਤੇ ਰੋਸ ਮਾਰਚਾਂ ਵਿੱਚ ਦੋ ਲੱਖ ਲੋਕ ਸ਼ਾਮਲ ਹੋਏ 
ਮਾਨਸਾ, ਚੰਡੀਗੜ੍ਹ 24 ਦਸੰਬਰ( ਵਿਸ਼ਵ ਵਾਰਤਾ )- ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ”ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਅੱਜ ਪੰਜਵੇਂ ਦਿਨ ਵੀ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਜੁਝਾਰੂਆਂ ਨੂੰ 13 ਜਿਲ੍ਹਿਆਂ ਦੇ 48 ਸ਼ਹਿਰੀ ਬਲਾਕਾਂ ਅਤੇ 2 ਜਿਲ੍ਹਿਆਂ ਦੇ 7 ਪਿੰਡਾਂ ਵਿੱਚ ਸੰਗਰਾਮੀ ਸ਼ਰਧਾਂਜਲੀਅਾਂ ਭੇਟ ਕੀਤੀਅਾਂ ਗਈਆਂ ਅਤੇ ਰੋਹ ਭਰਪੂਰ ਰੋਸ ਮਾਰਚ ਵੀ ਕੀਤੇ ਗਏ। ਮੁਹਿੰਮ ਦੀ ਸਫਲਤਾ ਲਈ ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹੱਥ ਪਰਚਾ ਢਾਈ ਲੱਖ ਪੰਜਾਬੀ ਵਿੱਚ ਅਤੇ ਪੰਜਾਹ ਹਜ਼ਾਰ ਹਿੰਦੀ ਵਿੱਚ ਛਪਵਾ ਕੇ ਘਰ ਘਰ ਅਤੇ ਮੋਰਚਿਆਂ ਵਿੱਚ ਵੰਡਿਆ ਜਾ ਰਿਹਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੜਾਕੇ ਦੀ ਠੰਢ ਅਤੇ ਬਹੁਤੇ ਥਾਂਈਂ ਧੁੰਦ ਦੇ ਬਾਵਜੂਦ ਅੱਜ ਕੁੱਲ ਮਿਲਾ ਕੇ 2 ਲੱਖ ਅਤੇ ਥਾਂ ਥਾਂ ਹਜ਼ਾਰਾਂ ਦੀ ਤਾਦਾਦ ‘ਚ ਜੁੜੇ ਇਕੱਠਾਂ ਨੇ ਸਮੂਹਿਕ ਤੌਰ ‘ਤੇ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਧਾਰ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ। “ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ” “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ” ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਇਸ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ। ਠਾਠਾਂ ਮਾਰਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਖੋਰ ਕਾਰਪੋਰੇਟ ਲੁਟੇਰਿਆਂ ਪੱਖੀ ਵਤੀਰਾ 45 ਤੋਂ ਵੱਧ ਜਾਨਾਂ ਦੀ ਬਲੀ ਲੈ ਚੁੱਕਾ ਹੈ ਜਿਨ੍ਹਾਂ ਵਿੱਚ ਢਾਈ ਦਰਜਨ ਤੋਂ ਵੱਧ ਜ਼ਿੰਦਗੀਆਂ ਤਾਂ ਦਿੱਲੀ ਮੋਰਚੇ ‘ਚ ਹੀ ਕੁਰਬਾਨ ਹੋ ਚੁੱਕੀਆਂ ਹਨ, ਪਰ ਸ਼ਹੀਦਾਂ ਦੇ ਡੁੱਲ੍ਹੇ ਲਹੂ ਨੂੰ ਮਸਤਕ ਨਾਲ ਲਾ ਕੇ ਅਸੀਂ ਕਸਮ ਖਾਂਦੇ ਹਾਂ ਕਿ ਸਿਦਕ ਦੀ ਇਸ ਪਰਖ ਅੰਦਰ ਅਸੀਂ ਹਰ ਹਾਲ ਪੂਰੇ ਉੱਤਰਾਂਗੇ। ਸੰਘਰਸ਼ ਅੰਦਰ ਅਜਿਹੇ ਵਿਛੋੜੇ ਸਾਡੇ ਹੌਸਲੇ ਪਸਤ ਨਹੀਂ ਕਰ ਸਕਣਗੇ,ਸਗੋਂ ਇਹ ਕੁਰਬਾਨੀਆਂ ਸੰਘਰਸ਼ੀ ਲੋਕਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰਨਗੀਆਂ ਅਤੇ ਜੁਝਾਰੂ ਇਰਾਦਿਆਂ ਨੂੰ ਸਾਣ ‘ਤੇ ਲਾੳੁਣਗੀਆਂ। ਉਨ੍ਹਾਂ ਨੇ ਸੰਘਰਸ਼ ਦੌਰਾਨ ਵੀ ਹੋ ਰਹੀਆਂ ਇੱਕਾ ਦੁੱਕਾ ਖੁਦਕੁਸ਼ੀਆਂ ਨੂੰ ਅਤੀ ਦੁਖਦਾਈ ਅਤੇ ਮੰਦਭਾਗਾ ਦੱਸਦੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸਿਰੜ ਸਿਦਕ ਨਾਲ ਘੋਲ਼ ਦੇ ਮੈਦਾਨ ਵਿੱਚ ਕੁੱਦਣ ਤੇ ਡਟੇ ਰਹਿਣ ਦਾ ਸੱਦਾ ਦਿੱਤਾ ਅਤੇ ਨਾਹਰੇ ਲਾਏ “ਖੁਦਕੁਸ਼ੀਆਂ ਨਹੀਂ, ਸੰਗਰਾਮ-ਸੰਗਰਾਮ”। ਉਨ੍ਹਾਂ ਦਾਅਵਾ ਕੀਤਾ ਕਿ ਬੇਮਿਸਾਲ ਇਕਜੁੱਟ ਕਿਸਾਨ ਸੰਘਰਸ਼ ਨੂੰ ਦੇਸ਼ ਵਿਦੇਸ਼ ‘ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਛੋਟੇ ਕਾਰੋਬਾਰੀਆਂ ਅਤੇ ਕਲਾਕਾਰਾਂ ਵੱਲੋਂ ਮਿਲ ਰਹੀ ਹਰ ਤਰ੍ਹਾਂ ਦੀ ਜ਼ੋਰਦਾਰ ਹਮਾਇਤ ਨਾਲ ਮੋਦੀ ਹਕੂਮਤ ਦੀਆਂ ਜ਼ਾਤਪਾਤੀ ਤੇ ਫਿਰਕੂ ਪਾਟਕ ਪਾਊ ਚਾਲਾਂ ਅਤੇ ਘੋਲ ਬਾਰੇ ਝੂਠਾ ਪ੍ਰਚਾਰ ਕਰਨ ਦੀਆਂ ਸਭ ਸਿਆਸੀ ਚਾਲਾਂ ਲਗਾਤਾਰ ਕੁੱਟੀਆਂ ਜਾ ਰਹੀਆਂ ਹਨ। ਵੱਖ ਵੱਖ ਥਾਂਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਮੈਂਬਰਾਂ ਜਗਤਾਰ ਸਿੰਘ ਕਾਲਾਝਾੜ, ਸਰੋਜ ਦਿਆਲਪੁਰਾ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ, ਸੁਖਜੀਤ ਸਿੰਘ ਕੋਠਾਗੁਰੂ,ਸੁਨੀਲ ਕੁਮਾਰ ਭੋਡੀਪੁਰ ਤੋਂ ਇਲਾਵਾ ਕੁਲਦੀਪ ਕੌਰ ਕੁੱਸਾ, ਰਾਮ ਸਿੰਘ ਭੈਣੀਬਾਘਾ, ਬਲਵੰਤ ਸਿੰਘ ਘੁਡਾਣੀ, ਗੁਰਮੀਤ ਸਿੰਘ ਕਿਸ਼ਨਪੁਰਾ, ਲਖਵਿੰਦਰ ਸਿੰਘ ਮੰਜਿਆਂਵਾਲੀ, ਭਾਗ ਸਿੰਘ ਮਰਖਾਈ, ਜਸਵੀਰ ਸਿੰਘ ਗੰਡੀਵਿੰਡ, ਮੋਹਨ ਸਿੰਘ ਨਕੋਦਰ ਅਤੇ ਜਸਪਾਲ ਸਿੰਘ ਧੰਗਈ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ‘ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖ਼ਲੇ ਨੂੰ ਰੋਕਣ ਦੀ ਪਹੁੰਚ ਹੈ। ਇਨ੍ਹਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨੇ ਹੀ ਬਣਦੇ ਹਨ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਤੱਕ ਸੰਘਰਸ਼ ਆਏ ਦਿਨ ਬੁਲੰਦੀਆਂ ਵੱਲ ਵਧਦਾ ਹੀ ਰਹੇਗਾ। ਉਹਨਾਂ ਨੇ ਐਲਾਨ ਕੀਤਾ ਕਿ ਇਸ ਮੁਹਿੰਮ ਦੇ ਅਗਲੇ ਪੜਾਅ ‘ਤੇ 26 ਦਸੰਬਰ ਨੂੰ ਖਨੌਰੀ ਤੋਂ ਅਤੇ 27 ਨੂੰ ਡੱਬਵਾਲੀ ਤੋਂ ਭਾਰੀ ਗਿਣਤੀ ‘ਚ ਔਰਤਾਂ ਤੇ ਨੌਜਵਾਨਾਂ ਸਮੇਤ ਘੱਟੋ ਘੱਟ 15-15 ਹਜਾਰ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਵੱਲ ਕੂਚ ਕਰਨਗੇ ਅਤੇ ਰਸਤੇ ਵਿੱਚ ਪੜਾਅ ਦੌਰਾਨ ਹਰਿਆਣੇ ਦੇ ਲੋਕਾਂ ਨਾਲ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ।






















