
ਮਾਨਸਾ 28 ਦਸੰਬਰ( ਵਿਸ਼ਵ ਵਾਰਤਾ )-ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੀ ਮਜ਼ਦੂਰ ਮੁਕਤੀ ਮੋਰਚਾ ਦੀ ਸਰਗਰਮ ਮਹਿਲਾ ਆਗੂ ਮਲਕੀਤ ਕੌਰ ਦੀ ਫ਼ਤਿਆਬਾਦ ਨੇੜੇ ਇੱਕ ਦੁਰਘਟਨਾ ਵਿਚ ਮੌਤ ਹੋ ਗਈ ਹੈ।ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਵਿਸ਼ਵ ਵਾਰਤਾ ਨੂੰ ਦੱਸਿਆ ਕਿ ਮਹਿਲਾ ਆਗੂ ਨੂੰ ਸੜਕ ਪਾਰ ਕਰਦਿਆਂ ਉਸ ਵੇਲੇ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਦੋਂ ਉਹ ਫ਼ਤਿਆਬਾਦ ਨੇੜੇ ਲੰਗਰ ਛਕਣ ਲਈ ਜਾ ਰਹੀ ਸੀ। ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਵਾਲੇ ਖੜ੍ਹੇ ਹੀ ਨਹੀਂ, ਫ਼ਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਮਹਿਲਾ ਆਗੂ ਕਿਸੇ ਵੇਲੇ ਕਾਂਗਰਸ ਦੀ ਆਗੂ ਰਹੀ ਹੈ ਅਤੇ ਹੁਣ ਲੰਬੇ ਸਮੇਂ ਤੋਂ ਮਜ਼ਦੂਰ ਮੁਕਤੀ ਮੋਰਚਾ ਨਾਲ ਜੁੜੀ ਹੋਈ ਹੈ, ਅਤੇ ਉਹ ਦੇ ਘਰ ਦੀ ਕੁਰਕੀ ਮਜ਼ਦੂਰ ਮੁਕਤੀ ਮੋਰਚਾ ਨੇ ਬਚਾਈ ਸੀ।
ਇਸੇ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਲਿਆਕੇ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖਿਆ ਜਾਵੇਗਾ ਅਤੇ ਉਸ ਦੇ ਸੰਸਕਾਰ ਲਈ ਪੰਜਾਬ ਅਤੇ ਹਰਿਆਣਾ ਸਰਕਾਰ ਸਾਹਮਣੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ, ਕਰਜ਼ਾ ਮੁਆਫੀ ਅਤੇ ਦਸ ਲੱਖ ਰੁਪਏ ਦਾ ਮੁਆਵਜ਼ੇ ਦਾ ਪ੍ਰਸਤਾਵ ਰੱਖਿਆ ਗਿਆ ਹੈ।






















