ਦਵਿੰਦਰਜੀਤ ਸਿੰਘ ਦਰਸ਼ੀ ਅਤੇ ਵਿਸ਼ਵ ਵਾਰਤਾ ਅਦਾਰੇ ਵੱਲੋਂ ਆਪ ਸਭ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸ਼ੁਭਕਾਮਨਾਵਾਂ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ਼
21ਫਰਵਰੀ – ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਆਯੋਜਿਤ ਇੱਕ ਵਿਸ਼ਵਵਿਆਪੀ ਸਾਲਾਨਾ ਸਮਾਰੋਹ ਹੈ। ਮਾਤ ਭਾਸ਼ਾ ਦਿਵਸ ਪਹਿਲੀ ਵਾਰ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਘੋਸ਼ਿਤ ਕੀਤਾ ਗਿਆ ਸੀ। ਮਾਤ ਭਾਸ਼ਾ ਦਿਵਸ ਦੁਨੀਆਂ ਦੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ। ਦੁਨੀਆ ਵਿੱਚ ਲਗਭਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ ਵੀ ਮੁੱਖ ਤੌਰ ’ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕ ਆਪਣੀ ਮਾਂ-ਬੋਲੀ ਨੂੰ ਵਿਸਥਾਰ ਨਾਲ ਜਾਣਦੇ ਹਨ। ਇਸ ਦਿਨ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸਿੱਖਿਆ ’ਤੇ ਸਾਹਿਤ ਨਾਲ ਜੁੜੇ ਲੋਕ ਵੱਖ-ਵੱਖ ਭਾਸ਼ਾਵਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ।
ਆਪਣੀ ਮਾਂ ਬੋਲੀ ਨਾਲ ਪਿਆਰ ਕਰੋ
ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ
ਕਵੀਸ਼ਰ ਬਾਬੂ ਰਜਬ ਅਲੀ ਦੁਆਰਾ ਮਾਂ ਬੋਲੀ ਤੇ ਲਿਖੀਆਂ ਸੱਤਰਾਂ
ਮਿੱਠੇ ਬੋਲ
ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।
ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।
ਸ਼ੈਰੀ ਦੇ ਕਚਹਿਰੀ ‘ਚ ਭੰਡਾਰ ਖੋਲ੍ਹੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।
ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।
ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।
ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।
ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਏਸ਼ੀਆ ‘ਚ ਏਹੋ ਜ੍ਹੀ ਜ਼ਬਾਨ ਮਿੱਠੀ ਨਾ ।
ਯੂਰਪ, ‘ਫ਼ਰੀਕਾ, ਅਮਰੀਕਾ ਡਿੱਠੀ ਨਾ ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਆ ਜੋ ਗੁਰਮੁਖੀ ਕਿਸੇ ਨੇ ਜੇ ਸਿੱਖਣੀ ।
ਪੜ੍ਹਨੀ ਅਸਾਨ ਤੇ ਸੁਖ਼ਾਲੀ ਲਿੱਖਣੀ ।
ਅੱਖਰ ਜਿਉਂ ਫਾਗ ਜ੍ਹਿ ਜਲੇਬੀ ਪੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਬਾਬੇ ਗੁਰੂ ਨਾਨਕ ਗਰੰਥ ਰਚੇ ਜੀ ।
ਸ਼ੌਕ ਨਾਲ ਲੱਗਦੇ ਪੜ੍ਹਨ ਬੱਚੇ ਜੀ ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
ਫੜ ਜਮ ਅੱਗੇ ਲੌਣਗੇ ਡਰਾਵਣੇ ।
ਪੈਜੂ ਰੱਬ ਸੱਚੇ ਦੇ ਖੜੋਣਾਂ ਸਾਹਮਣੇ ।
ਸੁਣਿਐਂ ‘ਸੱਚ ਖੰਡ’ ‘ਚ ਅਮਲ ਤੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।
‘ਬਾਬੂ’ ਦੇ ਜਮਾਤੀ ਅੰਮ੍ਰਿਤ ਪੀਣਿਉਂ ।
ਘੋਲੀਉਂ ਬਿੱਕਰ, ਗੋਕਲ ਸਲ੍ਹੀਣਿਉਂ ।
ਬੱਗਾ ਸਿਉਂ ਤੇ ਸੰਤੋਖ ਸਿਉਂ ‘ਡਰੋਲੀ’ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।