ਨਵਾਂਸ਼ਹਿਰ, 29 ਜੂਨ(ਵਿਸ਼ਵ ਵਾਰਤਾ)-
ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਾਵਧਾਨੀਆਂ ਪ੍ਰਤੀ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਤੱਕ ਪਹੁੰਚ ਕਰਕੇ, ਉਨ੍ਹਾਂ ਨੂੰ ਜਾਗਰੂਕ ਕਰਨ ਲਈ ਆਰੰਭੇ ਮਿਸ਼ਨ ਫ਼ਤਿਹ ਤਹਿਤ ਅੱਜ ਤਕਨੀਕੀ ਸਿਖਿਆ ਸੰਸਥਾਂਵਾਂ ਵੱਲੋਂ ਲੋਕਾਂ ਨੂੰ ਕੋੋਰੋਨਾ ਵਾਇਰਸ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ 27 ਜੂਨ ਤੋਂ ਆਰੰਭੀ ਗਈ ਦੂਸਰੇ ਪੜਾਅ ਦੀ ਮਿਸ਼ਨ ਫ਼ਤਿਹ ਜਾਗਰੂਕਤਾ ਲਹਿਰ ਤਹਿਤ ਹੋਰਨਾਂ ਵਿਭਾਗਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 27 ਜੂਨ ਨੂੰ ਸ਼ਹਿਰੀ ਸੰਸਥਾਂਵਾਂ ਅਤੇ 28 ਜੂਨ ਨੂੰ ਪੇਂਡੂ ਸੰਸਥਾਂਵਾਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਉਣ ਬਾਅਦ ਅੱਜ ਤਕਨੀਕੀ ਸਿਖਿਆ ਵਿਭਾਗ ਰਾਹੀਂ ਜਾਗਰੂਕਤਾ ਲਹਿਰ ਨੂੰ ਅੱਗੇ ਤੋਰਿਆ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਅਤੇ ਆਈ ਟੀ ਆਈ ਨਵਾਂਸ਼ਹਿਰ ਵੱਲੋਂ ਅੱਜ ਆਪਣੇ ਅਧਿਆਪਕਾਂ ਅਤੇ ਇੰਸਟ੍ਰੱਕਟਰਾਂ ਰਾਹੀਂ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਜ਼ਰੂਰ ਪਹਿਨਣ, ਬਾਹਰ ਨਿਕਲ ਕੇ ਭੀੜ ਤੋਂ ਬਚਣ ਅਤੇ 6 ਫੁੱਟ ਦੀ ਸਮਾਜਿਕ ਦੂਰੀ ਨੂੰ ਪਹਿਲ ਦੇਣ, ਆਪਣੇ ਹੱਥ ਵਾਰ-ਵਾਰ ਧੋਣ ਦਾ ਸੁਨੇਹਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਕਲ੍ਹ ਉਚੇਰੀ ਸਿਖਿਆ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ’ਚ ਯੋਗਦਾਨ ਪਾਇਆ ਜਾਵੇਗਾ ਅਤੇ ਆਪੋ-ਆਪਣੇ ਤਰੀਕਿਆਂ ਨਾਲ ਆਪਣੇ ਵਿਦਿਆਰਥੀਆਂ ਰਾਹੀਂ ਕੋਵਿਡ-19 ਖ਼ਿਲਾਫ਼ ਜਨਤਕ ਚੇਤਨਾ ਫੈਲਾਈ ਜਾਵੇਗੀ।