–ਦੇਸੀ ਘਿਓ ਦੀ ਫੈਕਟਰੀ ਦਾ ਵੀ ਪਰਦਾਫਾਸ਼,300 ਟੀਨ ਬਰਾਮਦ –ਮਾਈਨਿੰਗ ਮਾਮਲੇ ਵਿੱਚ ਕਾਂਗਰਸੀ ਸਰਪੰਚ ਦੀ ਗ੍ਰਿਫ਼ਤਾਰੀ ਤੇ ਆਈਜੀ ਤੇ ਐੱਸਐੱਸਪੀ ਨੇ ਵੱਟਿਆ ਟਾਲ਼ਾ
ਬਠਿੰਡਾ, 9 ਅਕਤੂਬਰ (ਕੁਲਬੀਰ ਬੀਰਾ ):2 ਹਫਤੇ ਪਹਿਲਾਂ ਗੋਨਿਆਣਾ ਮੰਡੀ ਵਿੱਚ ਲੱਖੀ ਜਵੈਲਰ ਦੀ ਦੁਕਾਨ ਵਿੱਚੋਂ ਪਸਤੌਲ ਦੀ ਨੋਕ ਤੇ ਢਾਈ ਕਿੱਲੋ ਸੋਨਾ, 5 ਕਿੱਲੋਂ ਚਾਂਦੀ, ਲੱਖਾਂ ਰੁਪਏ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਆਖਿਰਕਾਰ ਬਠਿੰਡਾ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਅੱਜ ਤਿੰਨ ਦੋਸ਼ੀ ਇੰਦਰਜੀਤ ਸਿੰਘ ਵਾਸੀ ਪੰਜਗਰਾਈਂ, ਗੁਰਤੇਜ ਸਿੰਘ ਵਾਸੀ ਕੋਠੇ ਸਰਵਾ, ਜਸਵਿੰਦਰ ਸਿੰਘ ਉਰਫ਼ ਭੋਲਾ ਵਾਸੀ ਰੋਮਾਣਾ ਅਲਬੇਲ ਸਿੰਘ ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੀ ਗੱਡੀ ਨੰਬਰ ਪੀਬੀ04 ਏਸੀ 4277 ਸਮੇਤ ਕਰੀਬ 71 ਗ੍ਰਾਮ ਸੋਨੇ ਦੇ ਗਹਿਣੇ ਕਰੀਬ, ਢਾਈ ਕਿੱਲੋ ਚਾਂਦੀ ਅਤੇ ਵਾਰਦਾਤ ਵਿੱਚ ਵਰਤਿਆ ਰਿਵਾਲਵਰ ਬਰਾਮਦ ਕੀਤਾ ਹੈ। ਆਈ ਜੀ ਜਸਕਰਨ ਸਿੰਘ ਅਤੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਬਾਕੀ ਰਹਿੰਦੇ ਤਿੰਨ ਦੋਸ਼ੀ ਆਲਮਜੀਤ ਸਿੰਘ, ਜਗਜੀਤ ਸਿੰਘ ਜੱਗਾ ਅਤੇ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਅਤੇ ਬਾਕੀ ਰਹਿੰਦੇ ਸਾਮਾਨ ਦੀ ਬਰਾਮਦਗੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਵੱਲੋਂ ਦਸ ਦਿਨ ਪਹਿਲਾਂ ਰੇਕੀ ਕੀਤੀ ਗਈ ਸੀ। ਦੂਸਰੇ ਮਾਮਲੇ ਸਬੰਧੀ ਆਈ ਜੀ ਜਸਕਰਨ ਸਿੰਘ ਨੇ ਦੱਸਿਆ ਕਿ ਗਿੱਲ ਪੱਤੀ ਤੋਂ ਸਿਵੀਆਂ ਰੋਡ ਤੇ ਹਰਮਨ ਦੇਸੀ ਘਿਓ ਬਣਾਉਣ ਵਾਲੀ ਜਾਅਲੀ ਫੈਕਟਰੀ ਦਾ ਵੀ ਪਰਦਾਫਾਸ਼ ਕੀਤਾ ਹੈ ਅਤੇ ਉਥੋਂ 3 ਸੌ ਟੀਨ ਬਰਾਮਦ ਕੀਤੇ ਗਏ ਹਨ ।ਬੀਤੇ ਦਿਨ ਪਿੰਡ ਕਲਿਆਣ ਸੁੱਖਾ ਦੇ ਨਜ਼ਦੀਕ ਮਾਈਨਿੰਗ ਦੇ ਵੱਡੇ ਹੋਏ ਖੁਲਾਸੇ ਵਿੱਚ ਨਾਮਜ਼ਦ ਸਰਪੰਚ ਕੁਲਵਿੰਦਰ ਸਿੰਘ ਕਿੰਦੀ ਦੀ ਗ੍ਰਿਫਤਾਰੀ ਸਬੰਧੀ ਪੁੱਛੇ ਸਵਾਲ ਤੇ ਆਈ ਜੀ ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਟਾਲਾ ਵੱਟਦੇ ਹੋਏ ਨਜ਼ਰ ਆਏ ਤੇ ਉਨ੍ਹਾਂ ਇਹੀ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਲੱਖੀ ਜਵੈਲਰਜ਼ ਦੀ ਦੁਕਾਨ ਤੇ ਨਕਲੀ ਘਿਓ ਬਣਾਉਣ ਵਾਲੀ ਫੈਕਟਰੀ ਦੇ ਪਰਦੇ ਫਾਸ਼ ਸਬੰਧੀ ਆਈ ਜੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪਬਲਿਕ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੁਨਿਆਰਾਂ ਦੀਆਂ ਦੁਕਾਨਾਂ ਫਾਇਨਾਂਸ ਕੰਪਨੀਆਂ ਬੈਂਕਾਂ ਅੱਗੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ ।