ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਰੋਕਥਾਮ ਸੰਬੰਧੀ ਮੌਕ ਡਰਿੱਲ ਕਰਵਾਈ ਗਈ
ਨਵਾਂਸ਼ਹਿਰ, 3 ਜੁਲਾਈ (ਵਿਸ਼ਵ ਵਾਰਤਾ)-
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਇੱਥੇ ਦੱਸਿਆ ਕਿ ਟਿੱਡੀ ਦਲ ਦੇ ਸੰਭਾਵੀ ਹਮਲੇ ਲਈ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਹਨ ਅਤੇ ਵੱਖ-ਵੱਖ ਵਿਭਾਗਾਂ ’ਤੇ ਆਧਾਰਿਤ ਟੀਮ ਵੱਲੋਂ ਕਿਸਾਨਾਂ ਨੂੰ ਇਸ ਸਬੰਧੀ ਅਗਾਊਂ ਤੌਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਸੰਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਪਿੰਡ ਬੈਰਸੀਆਂ (ਸੀ ਪਾਈਟ ਕੈਂਪ ਨੇੜੇ) ਵਿਖੇ ਕੀਤੀ ਗਈ ਮੌਕ ਡਰਿੱਲ ਦਾ ਜਾਇਜ਼ਾ ਲੈਣ ਬਾਅਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਨਾਲ ਜ਼ਿਲ੍ਹੇ ਅੰਦਰ ਟਿੱਡੀ ਦਲ ਦੇ ਸੰਭਾਵੀ ਹਮਲੇ ਲਈ ਮਜ਼ਬੂਤ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦੇ ਟਾਕਰੇ ਲਈ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ।
ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ ਵੱਖ ਪਿੰਡਾਂ ਵਿਚ ਪਿੱਠੂ ਸਪਰੇਅ ਪੰਪਾਂ, ਟਰੈਕਟਰ ਮਾਊਂਟਡ ਸਪਰੇਅ ਪੰਪਾਂ, ਜ਼ਿਲ੍ਹੇ ਵਿਚ ਉਪਲਬੱਧ ਫਾਇਰ ਬਿ੍ਰਗੇਡਾਂ ਅਤੇ ਪਾਣੀ ਦੇ ਟੈਂਕਰਾਂ ਬਾਰੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ ’ਤੇ ਕਿਸਾਨਾਂ ਕੋਲ ਉਪਲਬੱਧ ਸਪਰੇ ਪੰਪ/ਪਾਣੀ ਵਾਲੇ ਟੈਂਕਰਾਂ ਨੂੰ ਇਸ ਮੁਹਿੰਮ ਵਿਚ ਖਾਸ ਤੌਰ ’ਤੇ ਵਰਤਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਲੋੜੀਂਦੇ ਕੀਟਨਾਸ਼ਕ ਜਿਵੇਂ ਕਿ ਕਲੋਰਪਾਈਰੀਫਾਸ, ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਇਸ ਮੁਹਿੰਮ ਸੰਬੰਧੀ ਕੰਮ ਦੀ ਇੱਕਸੁਰਤਾ ਬਣਾਈ ਰੱਖਣ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਟੀਮਾਂ ਦੇ ਵਟਸਐਪ ਗਰੁੱਪ ਵੀ ਬਣਾਏ ਜਾ ਚੁੱਕੇ ਹਨ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਸ੍ਰੀ ਜਗਦੀਸ਼ ਸਿੰਘ ਜੌਹਲ, ਬਾਗਬਾਨੀ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਬਿਜਲੀ ਬੋਰਡ ਵਿਭਾਗ ਤੋਂ ਇਲਾਵਾ ਡਾ. ਸੁਸ਼ੀਲ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ, ਡਾ. ਨਰੇਸ਼ ਕੁਮਾਰ ਕਟਾਰੀਆ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਰਾਜ ਕੁਮਾਰ ਏ.ਡੀ.ਓ. (ਇੰਨਫੋਰਸਮੈਂਟ), ਡਾ. ਕਰਨੈਲ ਸਿੰਘ ਸਹਾਇਕ ਪੌਦ ਸੁਰੱਖਿਆ ਅਫਸਰ, ਡਾ. ਲੇਖ ਰਾਜ ਏ.ਡੀ.ਓ. ਔੜ, ਡਾ. ਜਸਵਿੰਦਰ ਕੁਮਾਰ ਏ.ਡੀ.ਓ., ਡਾ. ਕੁਲਵਿੰਦਰ ਕੌਰ ਏ.ਡੀ.ਓ. ਅਦਿ ਅਧਿਕਾਰੀਆਂ ਵਲੋਂ ਭਾਗ ਗਿਆ।






















