ਪੰਜਾਬ ਸਰਕਾਰ ਖਿਲਾਫ਼ ਵਿੱਢਿਆ ਨਵੇਂ ਸਿਰੇ ਤੋਂ ਅੰਦੋਲਨ
ਮਾਨਸਾ, 26 ਜੂਨ ( ਵਿਸ਼ਵ ਵਾਰਤਾ):
ਪੰਜਾਬ ਸਟੇਟ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਨੇ ਐਲਾਨ ਕੀਤਾ ਕਿ ਭਲਕੇ 27 ਜੂਨ ਤੋਂ 4 ਜੁਲਾਈ ਤੱਕ ਸਮੂਹਿਕ ਛੁੱਟੀ ਲੈਕੇ ਦਫ਼ਤਰਾਂ ਦੇ ਬਾਬੂ ਘਰਾਂ ਵਿੱਚ ਰਹਿਣਗੇ।ਜਥੇਬੰਦੀ ਦਾ ਕਹਿਣਾ ਹੈ ਕਿ ਡੀ.ਸੀ.ਦਫਤਰ ਕਰਮਚਾਰੀਆਂ ਦੀਆਂ ਪਦਉੱਨਤੀ ਕੇਸਾਂ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ,ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜ਼ੋ ਨੇ ਦੱਸਿਆ ਕਿ ਪੰਜਾਬ ਸਰਕਾਰ (ਮਾਲ ਵਿਭਾਗ) ਨੂੰ ਯੂਨੀਅਨ ਵੱਲੋਂ ਕਈ ਵਾਰ ਨੋਟਿਸ ਦੇਣ,ਹੜਤਾਲਾਂ ਕਰਨ ਅਤੇ ਰੋਸ਼ ਮੁਜਾਹਰੇ ਕਰਨ ਦੇ ਬਾਵਜੂਦ ਸਰਕਾਰ ਨੇ ਕਰਮਚਾਰੀਆਂ ਦੀਆਂ ਜਾਇਜ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ।ਉਨ੍ਹਾਂ ਦੱਸਿਆ ਕਿ ਇੱਕ ਸਾਲ ਬਾਅਦ ਸਰਕਾਰ ਵੱਲੋਂ ਮੀਟਿੰਗ ਦੀ ਕਾਰਵਾਈ ਜਾਰੀ ਕਰਕੇ ਅਤੇ ਬਿਨ੍ਹਾਂ ਸਿਫਾਰਸ਼ ਕੀਤੇ ਕੁੱਝ ਯਾਦ ਪੱਤਰ ਜਾਰੀ ਕੀਤੇ ਹਨ,ਜੋ ਗੋਗਲ੍ਹਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਸਮੂਹ ਦਫ਼ਤਰਾਂ ਦੇ ਮੁਲਾਜ਼ਮ ਭਲਕੇ 27 ਜੂਨ ਤੋਂ 4 ਜੁਲਾਈ ਤੱਕ ਸਮੂਹਿਕ ਛੁੱਟੀ ‘ਤੇ ਰਹਿਣਗੇ।
ਇਸ ਤੋਂ ਪਹਿਲਾਂ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਰਘਵੀਰ ਸਿੰਘ ਝੱਬਰ,ਕਮਲਪ੍ਰੀਤ ਸਿੰਘ ਸਰ੍ਹਾ,ਗੁਰਮੀਤ ਸਿੰਘ ਗਾਗੋਵਾਲ,ਸਤਵੀਰ ਸਿੰਘ,ਹਰਪ੍ਰੀਤ ਸਿੰਘ,ਹਰੀਸ਼ ਬਾਂਸਲ,ਬਲਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।