ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਪਟਿਆਲਾ ਰੇਂਜ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ
ਐਸਐਸਪੀ ਅਧਿਕਾਰੀਆਂ ਨੂੰ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਜਾਰੀ ਕੀਤੇ ਆਦੇਸ਼
ਪਟਿਆਲਾ, 17 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਡੀਜੀਪੀ ਸ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ, ਨਸ਼ਾ ਤਸਕਰਾਂ ਵਿਰੁੱਧ ਸੰਗਠਿਤ ਮੁਹਿੰਮ ਚਲਾਉਣ ਅਤੇ ਲੰਬਿਤ ਕੇਸਾਂ ਦੇ ਸਮਾਂਬੱਧ ਨਿਪਟਾਰੇ ਸਮੇਤ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਕਰਨ ਦੀਆਂ ਹਦਾਇਤਾਂ ਦਿਤੀਆਂ ਹਨ। ਪੰਜਾਬ ਪੁਲਿਸ ਮੁਖੀ ਸ. ਸਹੋਤਾ ਅੱਜ ਆਈ ਜੀ ਪਟਿਆਲਾ ਰੇਂਜ ਦੇ ਦਫ਼ਤਰ ਵਿਖੇ ਰੇਂਜ ਅਧੀਨ ਪੈਂਦੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ ਕਰਨ ਪੁਜੇ ਹੋਏ ਸਨ।
ਮੀਟਿੰਗ ਦੌਰਾਨ ਸ. ਸਹੋਤਾ ਨੇ ਹਦਾਇਤ ਕੀਤੀ ਕਿ ਨਸ਼ਾ ਤਸਕਰਾਂ ਵਿਰੁੱਧ ਸਿਕੰਜਾ ਕੱਸਿਆ ਜਾਵੇ ਅਤੇ ਮਾੜੇ ਅਨਸਰਾਂ ਨੂੰ ਕਰੜੇ ਹੱਥੀਂ ਸਿੱਝਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵੱਡੇ ਤਸਕਰਾਂ ਨੂੰ ਕਾਬੂ ਕਰਕੇ ਸਲਾਖਾਂ ਪਿਛੇ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਜੁਰਮ ਕਰਨ ਦੇ ਆਦੀ ਵਿਅਕਤੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਕਿ ਸਮਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰਹੇ।
ਡਾਇਰੈਕਟਰ ਜਨਰਲ ਆਫ ਪੁਲਿਸ ਸ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਐਸ.ਐਸ.ਪੀਜ ਨੂੰ ਇਹ ਵੀ ਕਿਹਾ ਕਿ ਜ਼ਿਲ੍ਹਿਆਂ ‘ਚ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇ।
ਡੀ.ਜੀ.ਪੀ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੰਬਿਤ ਪੜਤਾਲਾਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣਾ ਵੀ ਯਕੀਨੀ ਬਣਾਇਆ ਜਾਵੇ।
ਇਸ ਤੋਂ ਪਹਿਲਾਂ ਡੀ.ਜੀ.ਪੀ. ਸ. ਸਹੋਤਾ ਦਾ ਪਟਿਆਲਾ ਪੁੱਜਣ ‘ਤੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਸਵਾਗਤ ਕੀਤਾ।ਪੁਲਿਸ ਦੀ ਟੁਕੜੀ ਨੇ ਸ. ਸਹੋਤਾ ਨੂੰ ਸਲਾਮੀ ਦਿੱਤੀ।ਇਸ ਮੌਕੇ ਪਟਿਆਲਾ ਦੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਸੰਗਰੂਰ ਦੇ ਐਸ.ਐਸ.ਪੀ. ਸਵਪਨ ਸ਼ਰਮਾ, ਬਰਨਾਲਾ ਦੇ ਐਸ.ਐਸ.ਪੀ ਅਲਕਾ ਮੀਨਾ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਮੌਜੂਦ ਸਨ।