ਡਿਬਰੂਗੜ੍ਹ ਜੇਲ੍ਹ ਚ ਬੰਦ ਅੰਮ੍ਰਿਤਪਾਲ ਨੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਲਈ ਮੰਗੀ ਰਿਹਾਈ
ਚੰਡੀਗੜ੍ਹ, 10ਮਈ(ਵਿਸ਼ਵ ਵਾਰਤਾ) ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅੰਮ੍ਰਿਤਪਾਲ ਨੇ ਹਾਈ ਕੋਰਟ ਤੋਂ ਆਰਜ਼ੀ ਰਿਹਾਈ ਦੀ ਮੰਗ ਕੀਤੀ ਹੈ ਤਾਂ ਜੋ ਉਹ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰ ਸਕੇ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ, ਚੋਣ ਏਜੰਟਾਂ ਜਾਂ ਅਧਿਕਾਰਤ ਨਾਮਜ਼ਦ ਵਿਅਕਤੀਆਂ ਦੀ ਨਿਯੁਕਤੀ ਅਤੇ ਲੋੜੀਂਦੀਆਂ ਹੋਰ ਸਾਰੀਆਂ ਕਾਗਜ਼ੀ ਕਾਰਵਾਈਆਂ ਦੇ ਪ੍ਰਬੰਧ ਕਰਨ ਲਈ ਸੂਬਾ, ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ, ਜੋ ਕਿ 2024 ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਫਾਰਮ ਭਰਨ ਲਈ ਜ਼ਰੂਰੀ ਹੈ। ਇਹ ਮਾਮਲਾ ਸ਼ੁੱਕਰਵਾਰ ਨੂੰ ਜਸਟਿਸ ਵਿਨੋਦ ਐਸ ਭਾਰਦਵਾਜ ਦੇ ਸਾਹਮਣੇ ਵਿਚਾਰ ਲਈ ਸੂਚੀਬੱਧ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਆਸਾਮ ਦੀ ਜੇਲ੍ਹ ‘ਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਐਨਐਸਏ ਐਕਟ, 1980 ਦੇ ਤਹਿਤ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਮਾਰਚ ਵਿੱਚ ਜ਼ਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਦੁਆਰਾ ਉਨ੍ਹਾਂ ਦੇ ਖਿਲਾਫ ਦੂਜੀ ਨਜ਼ਰਬੰਦੀ ਦੇ ਹੁਕਮ ਪਾਸ ਕੀਤੇ ਗਏ ਸਨ।