ਨਵਾਂਸ਼ਹਿਰ, 6 ਜੁਲਾਈ (ਵਿਸ਼ਵ ਵਾਰਤਾ)-
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਈਸੋਲੇਸ਼ਨ ਵਾਰਡ ਐਲਾਨੇ ਜਾਣ ਕਾਰਨ ਠੱਪ ਹੋਈ ਓ ਪੀ ਡੀ ਆਈ ਟੀ ਆਈ ਨਵਾਂਸ਼ਹਿਰ ਵਿਖੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ।
ਅੱਜ ਇੱਥੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਓ ਪੀ ਡੀ ਠੱਪ ਹੋਣ ਕਾਰਨ ਨਵਾਂਸ਼ਹਿਰ ਨਾਲ ਸਬੰਧਤ ਮਰੀਜ਼ਾਂ ਨੂੰ ਇਲਾਜ ਲਈ ਬੰਗਾ ਜਾਂ ਬਲਾਚੌਰ ਦੇ ਹਸਪਤਾਲਾਂ ’ਚ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦੇ ਹੋਏ, ਆਈ ਟੀ ਆਈ ਨਵਾਂਸ਼ਹਿਰ ’ਚ ਜ਼ਿਲ੍ਹਾ ਹਸਪਤਾਲ ਦੀ ਆਰਜ਼ੀ ਓ ਪੀ ਡੀ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਿ ਅਗਲੇ ਦਿਨਾਂ ’ਚ ਆਈ ਟੀ ਆਈ ਦੇੇ ਕਮਰਿਆਂ ਦੀ ਸਾਫ਼-ਸਫ਼ਾਈ ਹੋਣ ਬਾਅਦ ਲੋੜੀਂਦੇ ਕਮਰੇ ਲੈ ਕੇ ਓ ਪੀ ਡੀ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਲਈ ਸਿਵਲ ਸਰਜਨ, ਆਈ ਟੀ ਆਈ ਦੇ ਪਿ੍ਰੰਸੀਪਲ ਅਤੇ ਈ ਓ ਨਵਾਂਸ਼ਹਿਰ ਨੂੰ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।