ਅੰਮ੍ਰਿਤਸਰ, 17 ਅਪ੍ਰੈਲ ( ਵਿਸ਼ਵ ਵਾਰਤਾ)-ਤਾਲਾਬੰਦੀ ਦੌਰਾਨ ਮੈਡੀਕਲ ਅਤੇ ਤਣਾਅ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੰਜਾਬ ਸਰਕਾਰ ਨੇ ਨਾਗਰਿਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜ ਕੇ ਕੋਵਿਡ-19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਤਾਲਾਬੰਦੀ ਦੇ ਮੱਦੇਨਜ਼ਰ ਤਣਾਅ ਨਾਲ ਜੁੜੇ ਮੁੱਦਿਆਂ ਸਬੰਧੀ ਸਲਾਹ ਲਈ ਮਾਹਰ ਡਾਕਟਰਾਂ ਦੇ ਇਕ ਪੈਨਲ ਨੂੰ ਇਸ ਪਲੇਟਫਾਰਮ, ਇਸ ਦੇ ਪ੍ਰੋਟੋਕੋਲ ਅਤੇ ਕਾਰਜਕ੍ਰਮ ਸਬੰਧੀ ਪੂਰੀ ਤਰਾਂ ਸਿਖਲਾਈ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸ ਕੌਂਸਲਿੰਗ ਰਾਹੀਂ ਆਈਸੋਲੇਸ਼ਨ, ਘਰੇਲੂ ਕਵਰਨਟੀਨ ਅਤੇ ਉਹ ਲੋਕ ਜਿਨਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਹੈ, ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਉਨਾਂ ਕਿਹਾ ਕਿ ਅਗਲੇਰੀ ਜਾਂਚ ਤੇ ਕਾਰਵਾਈ ਲਈ ਸਬੰਧਤ ਮਾਮਲੇ ਬਾਰੇ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ।
ਇਸ ਹੈਲਪਲਾਈਨ ਦਾ ਸੰਕਲਪ, ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬ ਸਰਕਾਰ ਦੇ ਰਾਜ ਕੌਵਿਡ 19 ਕੰਟਰੋਲ ਰੂਮ (ਐਸ.ਸੀ.ਸੀ.ਆਰ.) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪੰਜਾਬ ਰਾਜ ਸ਼ਾਖਾ ਵੱਲੋਂ ਮਿਲ ਕੇ ਸਾਕਾਰ ਰੂਪ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਵਾਲੇ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਲੋਕਾਂ ਵਿੱਚ ਘਬਰਾਹਟ ਅਤੇ ਸਹਿਮ ਉਪਜਦਾ ਹੈ। ਇਸ ਹਾਲਤ ਵਿਚ ਡਾਕਟਰਾਂ ਦੀ ਸਲਾਹ ਨਾਲ ਲੋਕਾਂ ਨੂੰ ਆਪਣੇ ਲੱਛਣਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ ਅਤੇ ਉਹ ਲੋੜ ਅਨੁਸਾਰ ਦਵਾਈ ਅਤੇ ਪਰਹੇਜ਼ ਅਪਣਾ ਸਕਣਗੇ।





















