ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਜਗਤਾਰ ਸਿੰਘ ਕੂਲੜੀਆਂ ਵੱਲ੍ਹੋਂ ਮਾਨਸਾ ਜ਼ਿਲ੍ਹੇ ਚ ਅਧਿਆਪਕਾਂ ਨੂੰ ਨੈਸ ਲਈ ਕੀਤਾ ਉਤਸ਼ਾਹਿਤ
ਮਾਨਸਾ 30 ਜੁਲਾਈ(ਵਿਸ਼ਵ ਵਾਰਤਾ)- ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੂਲੜੀਆਂ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਅਤੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਚਲ ਰਹੇ ਕੈਂਪਾਂ ਦਾ ਨਿਰੀਖਣ ਕਰਦਿਆਂ ਦਾਅਵਾ ਕੀਤਾ ਕਿ ਭਵਿੱਖ ਵਿੱਚ ਭਾਰਤ ਸਰਕਾਰ ਵੱਲ੍ਹੋਂ ਕਰਵਾਏ ਜਾਣ ਵਾਲੇ ਸਿੱਖਿਆ ਸਰਵੇ ਦੌਰਾਨ ਪੰਜਾਬ ਮੁੜ ਪਹਿਲੇ ਨੰਬਰ ‘ਤੇ ਆਵੇਗਾ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ
‘ਤੇ ਭਾਰਤ ਸਰਕਾਰ ਵੱਲ੍ਹੋਂ ਇਸ ਵਾਰ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੀਆਂ ਤਿਆਰੀਆਂ ਹੁਣੇ ਤੋਂ ਤੇਜ਼ ਕਰ ਦਿੱਤੀਆਂ ਹਨ।ਇਸ ਸਰਵੇ ਦੌਰਾਨ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਰਾਜ ਭਰ ਵਿੱਚ ਅਧਿਆਪਕਾਂ ਦੀਆਂ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।
ਸ੍ਰੀ ਕੂਲੜੀਆਂ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਨਾਲ ਪੰਜਾਬ ਪਹਿਲਾ ਵੀ ਸਿੱਖਿਆ ਦੇ ਹਰ ਪੈਰਾਮੀਟਰ ਦੌਰਾਨ ਮੋਹਰੀ ਰਿਹਾ ਹੈ, ਇਸ ਵਾਰ ਦੀ ਕਾਰਗੁਜ਼ਾਰੀ ਵੀ ਪਿਛਲੇ ਸਾਲ ਨਾਲੋਂ ਵੀ ਬੇਹਤਰ ਹੋਵੇਗੀ।ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਦੀ ਸਕੂਲਾਂ ਅੰਦਰ ਸ਼ੁਰੂ ਹੋਈ ਆਮਦ ਨਾਲ ਸਿੱਖਿਆ ਵਿਭਾਗ ਹੋਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਦੇ ਕਾਬਲ ਹੋਵੇਗਾ। ਉਨ੍ਹਾਂ ਕਿਹਾ ਇਹ ਸਰਵੇ ਤੀਜੀ ,ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦਾ ਹੋ ਰਿਹਾ ਹੈ ਇਸ ਲਈ ਇਹਨਾਂ ਜਮਾਤਾਂ ਦੀ ਪੂਰੀ ਤਿਆਰੀ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅਧਿਆਪਕਾ ਨੂੰ ਲਰਨਿੰਗ ਆਊਟ ਕਮ ਦੇ ਆਧਾਰ ਤੇ ਤਿਆਰ ਕੀਤੇ ਜਾ ਰਹੇ ਪ੍ਰਸ਼ਨ ਪੱਤਰਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਸਿੱਖਿਆ ਵਿਭਾਗ ਵੱਲ੍ਹੋਂ ਪਹਿਲੀ ਤੋਂ ਪੰਜਵੀਂ ਜਮਾਤ ਦੀ 7 ਅਗਸਤ ਤੋਂ 13 ਅਗਸਤ ਤੱਕ ਕਰਵਾਈ ਜਾਣ ਵਾਲੀ ਪ੍ਰੀਖਿਆ ਲਈ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਮਾਤਾਂ ਦੇ ਸਾਰੇ ਵਿਸ਼ਿਆਂ ਤੋਂ ਇਲਾਵਾ ਸਵਾਗਤ ਜ਼ਿੰਦਗੀ ਅਤੇ ਜਨਰਲ ਗਿਆਨ ਦੇ ਪੇਪਰ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਘਰ ਬੈਠੇ ਵਿਦਿਆਰਥੀਆਂ ਲਈ ਗੂਗਲ ਫਾਰਮ ਮੁੱਖ ਦਫਤਰ ਵੱਲ੍ਹੋਂ ਭੇਜਿਆ ਜਾਵੇਗਾ ਅਤੇ ਮੁਲਾਂਕਣ ਦਾ ਲਿੰਕ ਇਕ ਦਿਨ ਅਡਵਾਂਸ ਚ ਭੇਜਿਆ ਜਾਵੇਗਾ ਅਤੇ ਦੋ ਦਿਨ ਲਈ ਖੁੱਲ੍ਹਿਆਂ ਰਹੇਗਾ।
ਸ੍ਰੀ ਕੂਲੜੀਆਂ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਕੋਆ-ਐਜੂਕੇਸ਼ਨ ਸਕੂਲ ਮਾਨਸਾ,ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੋ ਇਲਾਵਾ ਮਾਨਸਾ, ਝੁਨੀਰ, ਸਰਦੂਲਗੜ੍ਹ ਬਲਾਕਾਂ ਚ ਚਲ ਰਹੇ ਕੈਂਪਾਂ ਦੌਰਾਨ ਵੀ ਸੰਬੋਧਨ ਕੀਤਾ। ਇਨ੍ਹਾਂ ਕੈਂਪਾਂ ਦੌਰਾਨ ਅਧਿਆਪਕਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲ੍ਹੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਚਲ ਰਹੀਆਂ ਵਰਕਸ਼ਾਪਾਂ ਦੌਰਾਨ ਗੰਭੀਰਤਾ ਪੂਰਵਕ ਟਰੇਨਿੰਗ ਲਈ ਜਾ ਰਹੀ ਹੈ,ਜਿਸ ਕਾਰਨ ਅਗਲੇ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਨੈਸ ਦੀ ਤਿਆਰੀ ਪੱਖੋਂ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ,ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਜੀਵ ਕੁਮਾਰ ਗੋਇਲ,ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ,ਡਿਪਟੀ ਡੀਈਓ ਗੁਰਲਾਭ ਸਿੰਘ ਨੇ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਜ਼ਿਲ੍ਹੇ ਦੇ ਪੰਜ ਬਲਾਕਾਂ ਸਰਦੂਲਗੜ੍ਹ, ਝੁਨੀਰ, ਬੁਢਲਾਡਾ, ਬਰੇਟਾ, ਮਾਨਸਾ ਵਿਖੇ ਪੜ੍ਹਾਅਵਾਰ ਅਧਿਆਪਕਾਂ ਦੀਆਂ ਵਰਕਸ਼ਾਪਾਂ ਚਲ ਰਹੀਆਂ ਹਨ,ਜਿਸ ਦੌਰਾਨ ਪੂਰੀ ਬਰੀਕੀ ਨਾਲ ਅਧਿਆਪਕਾਂ ਨੂੰ ਇਹ ਟਰੇਨਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕਿ ਅਧਿਆਪਕਾਂ ਨੂੰ ਹਰ ਪੱਖੋਂ ਜਾਣਕਾਰੀ ਮਹੱਈਆ ਕਰਵਾਈ ਜਾ ਰਹੀ ਹੈ,ਜਿਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇਂ ਆਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਪੜ੍ਹੋ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆ, ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾ,ਬਲਾਕ ਕੋਆਰਡੀਨੇਟਰ ਜਸਵਿੰਦਰ ਸਿੰਘ ਕਾਹਨ ਹਾਜ਼ਰ ਸਨ।