ਟ੍ਰੇਨ ਚਲਾਉਣ ਦਾ ਮਾਮਲਾ: ਰੇਲਵੇ ਤੇ ਕਿਸਾਨਾਂ ‘ ਚ ਫ਼ਸੀਆਂ ਕੁੰਡੀਆਂ, ਆਮ ਜਨਤਾ ਪ੍ਰੇਸ਼ਾਨ
ਜੈਤੋ, 8 ਨਵੰਬਰ (ਰਘੂਨੰਦਨ ਪਰਾਸ਼ਰ) ਪੰਜਾਬ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ,ਹਾਲਾਂਕਿ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਵਿਚ ਰੇਲਵੇ ਸਟੇਸ਼ਨ ਅਤੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਆਖਿਆ ਹੈ ਕਿ ਸੂਬੇ ਵਿੱਚ ਸਿਰਫ ਮਾਲਗੱਡੀ ਹੀ ਚਲਣਗੀਆਂ। ਯਾਤਰੀ ਗੱਡੀਆਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਦੂਜੇ ਪਾਸੇ, ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਯਾਦਵ ਨੇ ਸਪਸ਼ਟ ਆਖਿਆ ਹੈ ਕਿ ਟ੍ਰੇਨਾਂ ਪੰਜਾਬ ਸਰਕਾਰ ਜਾਂ ਕਿਸਾਨਾਂ ਦੇ ਹਿਸਾਬ ਨਾਲ ਨਹੀਂ ਚੱਲਾਈਆਂ ਜਾ ਸਕਦੀਆਂ। ਹੁਣ ਕਿਸਾਨਾਂ ਅਤੇ ਰੇਲਵੇ ਅਧਿਕਾਰੀ ਦੇ ਆਪਸੀ ਵੱਖ-ਵੱਖ ਐਲਾਨਾਂ ਤੋਂ ਲੱਗਦਾ ਹੈ ਕਿ ਦੋਵਾਂ ਵਿਚਕਾਰ ਕੁੰਡੀਆਂ ਫੱਸ ਚੁਕੀਆਂ ਹਨ। ਰੇਲਵੇ ਮੰਤਰਾਲਾ ਇਸ ਗੱਲ ਤੇ ਅੜ ਗਿਆ ਹੈ ਕਿ ਜੇਕਰ ਗੱਡੀਆਂ ਚੱਲਾਈਆਂ ਜਾਣਗੀਆਂ ਤਾਂ ਸਾਰੀਆਂ ਹੀ ਚੱਲਣਗੀਆਂ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਯਾਦਵ ਦਾ ਕਹਿਣਾ ਹੈ ਕਿ ਰੇਲ ਮੰਤਰਾਲਾ ਦੀ ਆਪਣੀ ਵਿਵਸਥਾ ਹੈ ਅਤੇ ਉਸ ਨੇ ਦੇਖਣਾ ਹੈ ਕਿ ਕਿਹੜੀ ਗੱਡੀਆਂ ਚਲਾਉਣੀਆਂ ਹਨ ਅਤੇ ਕਿਹੜੀ ਨਹੀਂ। ਇਸ ਤਰ੍ਹਾਂ ਦੀ ਗੱਲ ਤਾਂ ਕਿਸੇ ਸੂਬੇ ਤੋਂ ਉਠ ਸਕਦੀ ਹੈ ਕਿ ਉਨ੍ਹਾਂ ਦੀ ਜਰਜੀ ਨਾਲ ਟ੍ਰੇਨ ਚੱਲਣਗੀਆਂ। ਉਨ੍ਹਾਂ ਕਿਹਾ ਕਿ ਰੇਲਵੇ ਚੋਣਵੀਆਂ ਗੱਡੀਆਂ ਨਹੀਂ ਚਲਾਏਗੀ ਬਲਕਿ ਸਾਰੀਆਂ ਸੇਵਾਵਾਂ ਬਹਾਲ ਕਰੇਗੀ। ਰੇਲ ਸੇਵਾਵਾਂ ਦਾ ਅੰਸ਼ਕ ਰੂਪ ਵਿੱਚ ਮੁੜ ਸੰਭਾਵਨਾ ਸੰਭਵ ਨਹੀਂ ਹੈ। ਪੰਜਾਬ ਸਰਕਾਰ ਨੂੰ ਰੇਲ ਗੱਡੀਆਂ ਦੇ ਸੰਚਾਲਨ ਲਈ ਸੁਰੱਖਿਆ ਗਾਰੰਟੀ ਦੇਣੀ ਚਾਹੀਦੀ ਹੈ ਕਿਉਂਕਿ ਅਜੇ ਵੀ ਬਹੁਤ ਸਾਰੇ ਰੇਲਵੇ ਸਟੇਸ਼ਨਾਂ ਦੇ ਬਾਹਰ ਧਰਨਾ ਚੱਲ ਰਿਹਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਰੇਲ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਸੰਸਦ ਮੈਂਬਰਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਟ੍ਰੇਨਾਂ ਜਲਦੀ ਸ਼ੁਰੂ ਹੋ ਜਾਣਗੀਆਂ ਅਤੇ ਉਹ ਖੁਸ਼ ਨਜ਼ਰ ਰਹੇ ਹਨ । ਪਰ ਹੁਣ ਇਹ ਵੇਖਣਾ ‘ਚ ਆ ਰਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨਾਲ ਗੱਲ ਨਹੀਂ ਬਣੀ ਹੈ। ਟ੍ਰੇਨਾਂ ਬੰਦ ਹੋਣ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।






















