ਟੀ-20 ਵਿਸ਼ਵ ਕੱਪ 2022- ਦੱਖਣੀ ਅਫਰੀਕਾ ਤੋਂ ਹਾਰਿਆ ਭਾਰਤ
ਭਾਰਤ ਦੀ ਹਾਰ ਨੇ ਵਧਾਈਆਂ ਪਾਕਿਸਤਾਨ ਦੀਆਂ ਮੁਸ਼ਕਲਾਂ
ਚੰਡੀਗੜ੍ਹ, 31ਅਕਤੂਬਰ(ਵਿਸ਼ਵ ਵਾਰਤਾ)-ਟੀ-20 ਵਿਸ਼ਵ ਕੱਪ ਦੇ ਗਰੁੱਪ-2 ਦੇ ਅਹਿਮ ਮੈਚ ‘ਚ ਦੱਖਣੀ ਅਫਰੀਕਾ ਨੇ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਖੇਡੇ ਗਏ ਇਸ ਮੈਚ ‘ਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਬੱਲੇਬਾਜ਼ ਕੁਝ ਜਿਆਦਾ ਨਹੀਂ ਕਰ ਸਕੇ । ਭਾਰਤ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 133 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 68 ਦੌੜਾਂ ਦੀ ਪਾਰੀ ਖੇਡੀ।
ਜਵਾਬ ‘ਚ ਦੱਖਣੀ ਅਫਰੀਕਾ ਨੇ 19.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਐਡਮ ਮਾਰਕਰਮ ਅਤੇ ਡੇਵਿਡ ਮਿਲਰ ਨੇ ਅਰਧ ਸੈਂਕੜੇ ਲਗਾਏ। 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਹਰਾਇਆ ਹੈ। ਇਸ ਮੈਚ ਵਿੱਚ 29 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਲੁੰਗੀ ਨਗਿਡੀ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਦੱਸ ਦਈਏ ਕਿ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ‘ਚ 36 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਸ ਨੇ ਤਿਲਕਰਤਨੇ ਦਿਲਸ਼ਾਨ (35 ਮੈਚ) ਦਾ ਰਿਕਾਰਡ ਤੋੜਿਆ।
ਇਸ ਦੇ ਨਾਲ ਹੀ ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਭਾਰਤ ਦੀ ਹਾਰ ਤੋਂ ਬਾਅਦ ਹੁਣ ਪਾਕਿਸਤਾਨੀ ਟੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜੇਕਰ ਦੱਖਣੀ ਅਫਰੀਕਾ ਅਗਲੇ ਮੈਚ ‘ਚ ਪਾਕਿਸਤਾਨ ਨੂੰ ਹਰਾਉਂਦਾ ਹੈ ਤਾਂ ਬਾਬਰ ਆਜ਼ਮ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੋਣਗੇ। ਭਾਰਤ ਦੇ ਦੋਵੇਂ ਮੈਚ ਜ਼ਿੰਬਾਬਵੇ ਅਤੇ ਬੰਗਲਾਦੇਸ਼ ਦੇ ਖਿਲਾਫ ਹਨ।