ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ) : ਉੱਘੇ ਕਾਨੂੰਨਦਾਨ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਐਚ.ਐਨ. ਸੇਠ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸ਼ੋਕ ਸਭਾ (ਫ਼ੁੱਲ ਕੋਰਟ ਰੈਫ਼ੇਰੈਂਸ) ਕੀਤੀ ਗਈ ਜਿਸ ਵਿੱਚ ਚੀਫ਼ ਜਸਟਿਸ ਸਣੇ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।
ਸ਼ੋਕ ਸਭਾ ‘ਚ ਜਸਟਿਸ ਐਚ.ਐਨ. ਸੇਠ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਐਸ. ਜੇ. ਵਜੀਫਦਾਰ ਨੇ ਜਸਟਿਸ ਸੇਠ ਦੀਆਂ ਕਾਨੂੰਨ ਖੇਤਰ ‘ਚ ਨਿਭਾਈਆਂ ਵਕਾਰੀ ਸੇਵਾਵਾਂ ਨੂੰ ਯਾਦ ਕੀਤਾ। ਜਸਟਿਸ ਐਚ.ਐਨ. ਸੇਠ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਸਟਿਸ ਸੇਠ ਨੌਜਵਾਨ ਕਾਨੂੰਨਦਾਨਾਂ ਲਈ ਰਾਹ ਦਸੇਰਾ ਤੇ ਪ੍ਰੇਰਨਾ ਸਰੋਤ ਸਨ। ਜਸਟਿਸ ਐਸ. ਜੇ. ਵਜੀਫਦਾਰ ਨੇ ਕਿਹਾ ਕਿ ਅਸੀਂ ਇੱਕ ਹਸਮੁਖ ਤੇ ਸਾਊ ਸੁਭਾਅ ਵਾਲੇ, ਨਿਮਰ, ਦ੍ਰਿੜ੍ਹ ਅਤੇ ਪੇਸ਼ੇਵਾਰਾਨਾ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਾਂ। ਸੇਠ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਜਸਟਿਸ ਐਚ.ਐਨ. ਸੇਠ ਵੱਲੋਂ ਕਾਨੂੰਨ ਦੇ ਖੇਤਰ ਲਈ ਨਿਭਾਈਆਂ ਸੇਵਾਵਾਂ ‘ਤੇ ਚਾਨਣਾ ਵੀ ਪਾਇਆ।
ਇਸ ਤੋਂ ਪਹਿਲਾਂ ਸ੍ਰੀ ਸੱਤਪਾਲ ਜੈਨ, ਐਡੀਸ਼ਨਲ ਸੋਲੀਸਟਰ ਜਨਰਲ ਭਾਰਤ ਸਰਕਾਰ, ਸ੍ਰੀ ਅਤੁਲ ਨੰਦਾ ਐਡਵੋਕੇਟ ਜਨਰਲ ਪੰਜਾਬ, ਸ੍ਰੀ ਬਲਦੇਵ ਰਾਜ ਮਹਾਜਨ ਐਡੋਵੋਕੇਟ ਜਨਰਲ ਹਰਿਆਣਾ, ਸ੍ਰੀਮਤੀ ਪੁਨੀਤਾ ਸੇਠੀ ਉੱਪ ਪ੍ਰਧਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਸ੍ਰੀ ਕਰਨਜੀਤ ਸਿੰਘ, ਉੱਪ ਚੇਅਰਮੈਨ, ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਜਸਟਿਸ ਐਚ.ਐਨ. ਸੇਠ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ੋਕ ਸਭਾ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਬਾਰ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।