ਜਲੰਧਰ ਦੀ ਹੇਡਕੋ ਨਾਂ ਦੀ ਪਾਈਪ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਪਹੁੰਚੀ ਮੌਕੇ ਤੇ, ਅੱਗ ਬੁਝਾਉਣ ਦੀ ਕੋਸ਼ਿਸ਼ ਹੈ ਜਾਰੀ
ਆਸ-ਪਾਸ ਦੇ ਕਾਰਖਾਨਿਆਂ ਦੇ ਮਾਲਕਾਂ ਵਿੱਚ ਡਰ ਦਾ ਮਾਹੌਲ

ਚੰਡੀਗੜ੍ਹ, 10ਅਗਸਤ(ਵਿਸ਼ਵ ਵਾਰਤਾ) ਜਲੰਧਰ ਦੇ ਗਲੋਬ ਕਾਲੋਨੀ ਦੇ ਨਜ਼ਦੀਕ ਪੈਂਦੇ ਇੰਡਸਟਰੀਅਲ ਏਰੀਆ ਵਿੱਚ ਇੱਕ ਹੇਡਕੋ ਨਾਂ ਦੀ ਪਾਈਪ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫੈਕਟਰੀ ਮਾਲਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰਾਂਸਫਾਰਮਰ ਵਿੱਚ ਧਮਾਕਾ ਹੋਇਆ,ਜਿਸ ਤੋਂ ਬਾਅਦ ਬਿਜਲੀ ਸਪਲਾਈ ਲਾਈਨ ਵਿੱਚ ਸ਼ਾਰਟ ਸਰਕਟ ਹੋਇਆ ਅਤੇ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੀ ਇਮਾਰਤ ਵਿੱਚ ਕਈ ਥਾਵਾਂ ਤੇ ਦਰਾਰਾਂ ਪੈ ਗਈਆਂ ਹਨ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਫੈਕਟਰੀ ਦੇ ਕਰਮਚਾਰੀਆਂ ਨੇ ਪਹਿਲਾਂ ਅੰਦਰ ਲਗਾਏ ਗਏ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਪਲਾਸਟਿਕ ਦੀਆਂ ਪਾਈਪਾਂ ਹੋਣ ਕਾਰਨ ਅੱਗ ਫੈਲ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦੇ ਬਾਅਦ ਹੀ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੰਡਸਟਰੀਅਲ ਏਰੀਆ ਹੋਣ ਕਾਰਨ ਨੇੜਲੇ ਕਾਰਖਾਨੇ ਦੇ ਮਾਲਕ ਵੀ ਉਥੇ ਪਹੁੰਚ ਗਏ ਹਨ। ਫੈਕਟਰੀ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਇਸ ਦੀ ਜਾਣਕਾਰੀ ਹਾਲੇ ਨਹੀਂ ਹੈ।






















